#INDIA

ਸਾਬਕਾ ਅਧਿਕਾਰੀ ਸੁਖਬੀਰ ਸੰਧੂ ਅਤੇ ਗਿਆਨੇਸ਼ ਕੁਮਾਰ ਨਵੇਂ ਚੋਣ ਕਮਿਸ਼ਨਰ

ਨਵੀਂ ਦਿੱਲੀ,  15 ਮਾਰਚ (ਪੰਜਾਬ ਮੇਲ)-  ਸਾਬਕਾ ਅਧਿਕਾਰੀ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਦੇਸ਼ ਦੇ ਨਵੇਂ ਚੋਣ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ। ਕਾਨੂੰਨ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਨ੍ਹਾਂ ਨਿਯੁਕਤੀਆਂ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਚੋਣ ਕਮੇਟੀ ਨੇ ਉਨ੍ਹਾਂ ਦੇ ਨਾਵਾਂ ਦੀ ਸਿਫ਼ਾਰਿਸ਼ ਕਰਨ ਲਈ  ਮੀਟਿੰਗ ਕੀਤੀ ਸੀ। ਅਨੂਪ ਚੰਦਰ ਪਾਂਡੇ ਦੇ 14 ਫਰਵਰੀ ਨੂੰ ਰਿਟਾਇਰ ਹੋਣ ਅਤੇ 8 ਮਾਰਚ ਨੂੰ ਅਰੁਣ ਗੋਇਲ ਵੱਲੋਂ ਅਚਾਨਕ ਅਸਤੀਫ਼ਾ ਦਿੱਤੇ ਜਾਣ ਕਾਰਨ ਚੋਣ ਕਮਿਸ਼ਨ ’ਚ ਇਹ ਅਹੁਦੇ ਖਾਲੀ ਹੋਏ ਸਨ। ਚੋਣ ਕਮਿਸ਼ਨ ਦੀ ਅਗਵਾਈ ਰਾਜੀਵ ਕੁਮਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਲੋਕ ਸਭਾ ’ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕਮੇਟੀ ਨੇ ਦੋਹਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਉਂਜ ਕਮੇਟੀ ’ਚ ਅਧੀਰ ਰੰਜਨ ਚੌਧਰੀ ਵੀ ਸ਼ਾਮਲ ਸਨ ਅਤੇ ਉਨ੍ਹਾਂ ਅਸਹਿਮਤੀ ਨੋਟ ਦਿੰਦਿਆਂ ਚੋਣ ਅਮਲ ’ਤੇ ਸਵਾਲ ਚੁੱਕੇ ਸਨ। ਕਾਂਗਰਸ ਆਗੂ ਨੇ ਕਿਹਾ ਕਿ ਉਨ੍ਹਾਂ ਚੋਣ ਕਮਿਸ਼ਨ ’ਚ ਦੋਵੇਂ ਅਹੁਦਿਆਂ ਲਈ ਛਾਂਟੀ ਕੀਤੇ ਗਏ ਉਮੀਦਵਾਰਾਂ ਦੇ ਨਾਮ ਮੰਗੇ ਸਨ ਪਰ ਕਮੇਟੀ ਦੀ ਮੀਟਿੰਗ ਤੋਂ ਇਕ ਰਾਤ ਪਹਿਲਾਂ ਉਨ੍ਹਾਂ ਨੂੰ 212 ਨਾਮ ਦੇ ਦਿੱਤੇ ਗਏ ਜਿਨ੍ਹਾਂ ਦੀ ਮਾਨਵੀ ਤੌਰ ’ਤੇ ਪੜਤਾਲ ਕਰਨਾ ਸੰਭਵ ਨਹੀਂ ਸੀ। ਮੀਟਿੰਗ ਖ਼ਤਮ ਹੋਣ ਮਗਰੋਂ ਆਪਣੀ ਰਿਹਾਇਸ਼ ’ਤੇ ਚੌਧਰੀ ਨੇ ਕਿਹਾ ਕਿ ਦੋ ਚੋਣ ਕਮਿਸ਼ਨਰਾਂ ਨੂੰ ਚੁਣਨ ਲਈ ਕਮੇਟੀ ਕੋਲ ਛੇ ਨਾਮ ਆਏ ਅਤੇ ਸੰਧੂ ਤੇ ਕੁਮਾਰ ਦੇ ਪੱਖ ’ਚ ਉੱਚ ਤਾਕਤੀ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ਨੇ ਫ਼ੈਸਲਾ ਕੀਤਾ। ਛਾਂਟੀ ਕੀਤੇ ਗਏ ਛੇ ਨਾਵਾਂ ’ਚ ਉਤਪਲ ਕੁਮਾਰ ਸਿੰਘ, ਪ੍ਰਦੀਪ ਕੁਮਾਰ ਤ੍ਰਿਪਾਠੀ, ਗਿਆਨੇਸ਼ ਕੁਮਾਰ, ਇੰਦੀਵਰ ਪਾਂਡੇ, ਸੁਖਬੀਰ ਸਿੰਘ ਸੰਧੂ ਅਤੇ ਸੁਧੀਰ ਕੁਮਾਰ ਗੰਗਾਧਰ ਰਹਾਤੇ ਸ਼ਾਮਲ ਸਨ।

ਪੁਣੇ: ਐੱਨਸੀਪੀ (ਐੱਸਪੀ) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਚੋਣ ਕਮਿਸ਼ਨਰਾਂ ਨੂੰ ਚੁਣਨ ਦੀ ਨਵੀਂ ਪ੍ਰਣਾਲੀ ਤੋਂ ਪਤਾ ਚਲਦਾ ਹੈ ਕਿ ਉਨ੍ਹਾਂ ਦੀ ਚੋਣ ’ਤੇ ਅੰਤਿਮ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੋਵੇਗਾ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਵਾਰ ਨੇ ਕਿਹਾ,‘‘ਇਸ ਤੋਂ ਪਹਿਲਾਂ ਦੋ ਕੇਂਦਰੀ ਮੰਤਰੀਆਂ ਦੇ ਨਾਲ ਸੁਪਰੀਮ ਕੋਰਟ ਦੇ ਇਕ ਜੱਜ ਵੀ ਚੋਣ ਕਮਿਸ਼ਨਰਾਂ ਦੀ ਚੋਣ ਪ੍ਰਕਿਰਿਆ ਦਾ ਹਿੱਸਾ ਹੁੰਦੇ ਸਨ। ਹੁਣੇ ਜਿਹੇ ਚੋਣ ਅਮਲ ’ਚ ਕੁਝ ਬਦਲਾਅ ਕੀਤੇ ਗਏ ਹਨ ਅਤੇ ਉਨ੍ਹਾਂ ਸੁਪਰੀਮ ਕੋਰਟ ਦੇ ਜੱਜ ਨੂੰ ਇਸ ਪ੍ਰਕਿਰਿਆ ’ਚੋਂ ਹਟਾ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਨਵੀਂ ਪ੍ਰਣਾਲੀ ਨਾਲ ਨਿਯੁਕਤੀਆਂ ਮਨਮਰਜ਼ੀ ਨਾਲ ਹੋਣਗੀਆਂ।

1988 ਬੈਚ ਦੇ ਆਈਏਐੱਸ ਅਧਿਕਾਰੀ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਕ੍ਰਮਵਾਰ ਕੇਰਲਾ ਅਤੇ ਉੱਤਰਾਖੰਡ ਕਾਡਰ ਤੋਂ ਹਨ। ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਜਦੋਂ ਰੱਦ ਕੀਤਾ ਗਿਆ ਸੀ ਤਾਂ ਗਿਆਨੇਸ਼ ਕੁਮਾਰ ਗ੍ਰਹਿ ਮੰਤਰਾਲੇ ’ਚ ਤਾਇਨਾਤ ਸਨ। ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ ਕਰਨ ਵਾਲੇ ਸੁਖਬੀਰ ਸਿੰਘ ਸੰਧੂ ਉੱਤਰਾਖੰਡ ’ਚ ਸਾਂਝਾ ਸਿਵਲ ਕੋਡ ਲਾਗੂ ਹੋਣ ਦੀ ਕਵਾਇਦ ਦੌਰਾਨ ਉਥੇ ਤਾਇਨਾਤ ਸਨ। ਉਨ੍ਹਾਂ ਇਤਿਹਾਸ ’ਚ ਐੱਮਏ ਵੀ ਕੀਤੀ ਹੋਈ ਹੈ।