#world

ਰਮਜ਼ਾਨ ਨੂੰ ਲੈ ਕੇ ਸਾਊਦੀ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼, ਕਿੰਗ ਸਲਮਾਨ ਹੋਏ ਸਖ਼ਤ

ਸਾਊਦੀ ਅਰਬ, 15 ਮਾਰਚ (ਪੰਜਾਬ ਮੇਲ)- ਸਾਊਦੀ ਅਰਬ ‘ਚ ਰਮਜ਼ਾਨ ਦੇ ਮਹੀਨੇ ‘ਚ ਦਾਨ ਦੇ ਨਾਂ ‘ਤੇ ਪੈਸੇ ਇਕੱਠੇ ਕਰਨ ਵਾਲਿਆਂ ਨੂੰ ਲੈ ਕੇ ਸਰਕਾਰ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਕਿਹਾ ਹੈ ਕਿ ਰਮਜ਼ਾਨ ਦੇ ਮਹੀਨੇ ‘ਚ ਕਈ ਸੰਸਥਾਵਾਂ ਅਤੇ ਲੋਕ ਪੈਸੇ ਇਕੱਠੇ ਕਰਨ ‘ਚ ਜੁਟ ਜਾਂਦੇ ਹਨ, ਉਨ੍ਹਾਂ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ। ਮੰਗਲਵਾਰ ਨੂੰ ਸਰਕਾਰ ਨੇ ਕਿਹਾ ਕਿ ਰਮਜ਼ਾਨ ਦੇ ਮਹੀਨੇ ਦੌਰਾਨ ਅਧਿਕਾਰਤ ਚੈਨਲਾਂ ਰਾਹੀਂ ਹੀ ਦਾਨ ਦਿੱਤਾ ਜਾ ਸਕਦਾ ਹੈ।

ਦਰਅਸਲ, ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਦਾਨ ਕਰਨਾ ਇੱਕ ਨੇਕ ਕੰਮ ਮੰਨਿਆ ਜਾਂਦਾ ਹੈ। ਅਜਿਹੇ ‘ਚ ਕਈ ਲੋਕ ਪੈਸੇ ਇਕੱਠੇ ਕਰਨ ‘ਚ ਲੱਗ ਜਾਂਦੇ ਹਨ। ਇਹ ਲੋਕ ਸੜਕਾਂ ਤੋਂ ਲੈ ਕੇ ਲੋਕਾਂ ਦੇ ਬੂਹੇ ਤੱਕ ਪਹੁੰਚਦੇ ਹਨ। ਅਜਿਹੇ ‘ਚ ਸਰਕਾਰ ਨੇ ਸਾਊਦੀ ਪ੍ਰਵਾਸੀਆਂ ਅਤੇ ਸਾਊਦੀ ਨਾਗਰਿਕਾਂ ਦੋਵਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਸਰਕਾਰ ਨੇ ਕਿਹਾ ਕਿ ਗਰੀਬਾਂ ਦੀ ਮਦਦ ਦੇ ਨਾਂ ‘ਤੇ ਕੁਝ ਲੋਕ ਰਮਜ਼ਾਨ ਦੌਰਾਨ ਆਰਥਿਕ ਮਦਦ ਦੀ ਅਪੀਲ ਕਰਦੇ ਹਨ, ਅਜਿਹੇ ‘ਚ ਲੋਕ ਉਨ੍ਹਾਂ ਦੇ ਜਾਲ ‘ਚ ਫਸ ਜਾਂਦੇ ਹਨ।

ਸਰਕਾਰ ਦੇ ਇਸ ਹੁਕਮ ‘ਚ ਵਿਦੇਸ਼ਾਂ ‘ਚ ਚੰਦੇ ਨੂੰ ਲੈ ਕੇ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਮੁਤਾਬਕ ਵਿਦੇਸ਼ਾਂ ‘ਚ ਦਾਨ ਸਿਰਫ ਕਿੰਗ ਸਲਮਾਨ ਸੈਂਟਰ ਫਾਰ ਰਿਲੀਫ ਐਂਡ ਹਿਊਮੈਨਟੇਰੀਅਨ ਏਡ (ਕੇ. ਐੱਸ. ਰਿਲੀਫ) ਰਾਹੀਂ ਹੀ ਦਿੱਤਾ ਜਾ ਸਕਦਾ ਹੈ। ਸ਼ਾਹੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਨਿਯਮਾਂ ਦੇ ਉਲਟ ਕੰਮ ਕਰਨ ਵਾਲੇ ਪਾਏ ਜਾਣ ਵਾਲਿਆਂ ਖ਼ਿਲਾਫ਼ ਦੰਡਕਾਰੀ ਕਾਰਵਾਈ ਕੀਤੀ ਜਾਵੇਗੀ।