#CANADA

ਸਾਡਾ ਦੇਸ਼ ਭਾਰਤ, ਸੰਸਕ੍ਰਿਤੀ, ਭਾਸ਼ਾ ਅਤੇ ਅਸੀਂ ਭਾਰਤੀ: ਸਰਵੋਤਮ ਹਾਂ – ਠਾਕੁਰ ਦਲੀਪ ਸਿੰਘ

ਸਰੀ, 14 ਅਗਸਤ (ਹਰਦਮ ਮਾਨ/ਪੰਜਾਬ ਮੇਲ)-ਸੁਤੰਤਰਤਾ ਦਿਵਸ ਉੱਤੇ ਸੰਦੇਸ਼ ਦਿੰਦੇ ਹੋਏ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਕਿਹਾ, “ਸਾਨੂੰ ਸਾਰੇ ਭਾਰਤੀਆਂ ਨੂੰ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਭਾਰਤੀ ਸੰਸਕ੍ਰਿਤੀ, ਭਾਰਤੀ ਭਾਸ਼ਾਵਾਂ ਅਤੇ ਭਾਰਤੀ ਧਰਮਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸਾਰੇ ਭਾਰਤੀਆਂ ਵਿਚ ਆਤਮ ਸਨਮਾਨ ਹੋਣਾ ਚਾਹੀਦਾ ਹੈ “ਸਾਡਾ ਦੇਸ਼, ਸਾਡੀ ਸੰਸਕ੍ਰਿਤੀ, ਸਾਡੀ ਭਾਸ਼ਾ ਅਤੇ ਅਸੀਂ ਭਾਰਤੀ: ਸਰਵੋਤਮ ਹਾਂ। ਅਸੀਂ ਕਿਸੇ ਤੋਂ ਘੱਟ ਨਹੀਂ ਹਾਂ।” ਜਦੋਂ ਤੱਕ ਇਹ ਭਾਵਨਾ ਸਾਡੇ ਮਨ ਵਿੱਚ ਨਹੀਂ ਆਉਂਦੀ, ਉਦੋਂ ਤੱਕ ਅਸੀਂ ਅਸਲ ਵਿੱਚ ਆਜ਼ਾਦ ਨਹੀਂ ਹਾਂ।
ਠਾਕੁਰ ਜੀ ਨੇ ਆਪਣੇ ਸੰਦੇਸ਼ ਵਿੱਚ ਇਹ ਵੀ ਕਿਹਾ, “ਭਾਰਤ ਵਾਸੀਓ! ਆਤਮ ਸਨਮਾਨ ਦੀ ਭਾਵਨਾ ਲਿਆਉਣ ਲਈ, ਇਸ ਸੁਤੰਤਰਤਾ ਦਿਵਸ ਉੱਤੇ ਇਹ ਪ੍ਰਣ ਕਰੀਏ “ਅਸੀਂ ਸਾਰੇ ਆਪਣੀ-ਆਪਣੀ ਮਾਂ ਬੋਲੀ ਉੱਤੇ ਮਾਣ ਕਰਾਂਗੇ”। ਸਾਰੇ ਭਾਰਤ ਵਾਸੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸੁਤੰਤਰਤਾ ਦਿਵਸ ਉੱਤੇ ਤੁਸੀਂ ਭਾਰਤ ਵਿੱਚ ਵਸਤੂਆਂ ਨਿਰਮਾਣ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਬੇਨਤੀ ਕਰੋ ਕਿ “ਭਾਰਤ ਵਿੱਚ ਬਣਨ ਵਾਲੀਆਂ ਸਾਰੀਆਂ ਵਸਤੂਆਂ ਦੀ ਪੈਕਿੰਗ ਉੱਤੇ ਰਾਜ ਭਾਸ਼ਾ ਅਤੇ ਰਾਸ਼ਟਰੀ ਭਾਸ਼ਾ ਜ਼ਰੂਰ ਲਿਖੀ ਜਾਵੇ”। ਜੇਕਰ ਸਾਰੇ ਭਾਰਤੀ ਮਿਲ ਕੇ ਇਹ ਮੰਗ ਕਰਨਗੇ ਤਾਂ ਕੰਪਨੀਆਂ ਲਿਖਣਾ ਜ਼ਰੂਰ ਸ਼ੁਰੂ ਕਰ ਦੇਣਗੀਆਂ; ਕਿਉਂਕਿ ਉਨ੍ਹਾਂ ਦੇ ਗਾਹਕ ਅਸੀਂ ਭਾਰਤੀ ਹੀ ਹਾਂ। ਜੇਕਰ ਭਾਰਤ ਵਿੱਚ ਬਣੀਆਂ ਸਾਰੀਆਂ ਵਸਤੂਆਂ ਦੀ ਪੈਕਿੰਗ ਉੱਤੇ, ਰਾਜ ਅਤੇ ਰਾਸ਼ਟਰੀ ਭਾਸ਼ਾ ਲਿਖੀ ਹੋਵੇਗੀ; ਤਾਂ ਭਾਰਤੀਆਂ ਦੇ ਮਨ ਵਿੱਚ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਪੈਦਾ ਹੋਵੇਗਾ ਅਤੇ ਆਤਮ-ਸਨਮਾਨ ਵੀ ਆਵੇਗਾ”।

Leave a comment