#OTHERS

ਸਾਊਦੀ ਅਰਬ ‘ਚ ਅਧਿਕਾਰੀਆਂ ਵੱਲੋਂ ਅਫਗਾਨ ਨਾਗਰਿਕਾਂ ਤੋਂ 12 ਹਜ਼ਾਰ ਪਾਕਿਸਤਾਨੀ ਪਾਸਪੋਰਟ ਬਰਾਮਦ

ਇਸਲਾਮਾਬਾਦ, 14 ਅਕਤੂਬਰ (ਪੰਜਾਬ ਮੇਲ)- ਸਾਊਦੀ ਅਰਬ ਵਿਚ ਅਧਿਕਾਰੀਆਂ ਨੇ ਅਫਗਾਨ ਨਾਗਰਿਕਾਂ ਤੋਂ 12,000 ਪਾਕਿਸਤਾਨੀ ਪਾਸਪੋਰਟ ਬਰਾਮਦ ਕੀਤੇ ਹਨ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਸਾਊਦੀ ਅਰਬ ‘ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਗੈਰ-ਕਾਨੂੰਨੀ ਪ੍ਰਵਾਸੀਆਂ, ਖਾਸ ਤੌਰ ‘ਤੇ ਅਫਗਾਨੀਆਂ ਨੂੰ ਜਾਅਲੀ ਨਾਗਰਿਕਤਾ ਦਸਤਾਵੇਜ਼ ਜਾਰੀ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ।
ਇਸ ਦੌਰਾਨ ਅਧਿਕਾਰੀਆਂ ਨੇ ਰਿਆਦ ਸਥਿਤ ਪਾਕਿਸਤਾਨੀ ਦੂਤਘਰ ਨੂੰ ਅਫਗਾਨ ਨਾਗਰਿਕਾਂ ਤੋਂ ਵੱਡੀ ਗਿਣਤੀ ‘ਚ ਪਾਕਿਸਤਾਨੀ ਪਾਸਪੋਰਟ ਬਰਾਮਦ ਹੋਣ ਦੀ ਸੂਚਨਾ ਦਿੱਤੀ ਹੈ। ਇਮੀਗ੍ਰੇਸ਼ਨ ਅਤੇ ਪਾਸਪੋਰਟ ਡਾਇਰੈਕਟੋਰੇਟ ਦੇ ਡਾਇਰੈਕਟਰ ਜਨਰਲ ਮੁਸਤਫਾ ਕਾਜ਼ੀ ਅਤੇ ਸੰਘੀ ਜਾਂਚ ਏਜੰਸੀ ਨੇ ਇਸ ਸਬੰਧ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਅਲੀ ਪਾਸਪੋਰਟ ਬਣਾਉਣ ਦੇ ਮਾਮਲੇ ‘ਚ ਮੁੱਖ ਸ਼ੱਕੀ ਉਮਰ ਜਾਵੇਦ ਨੂੰ ਲਾਹੌਰ ‘ਚ ਫਰਜ਼ੀ ਪਾਸਪੋਰਟ ਬਣਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਵੇਦ ਦੀ ਗ੍ਰਿਫ਼ਤਾਰੀ ਪਾਸਪੋਰਟ ਡਾਇਰੈਕਟੋਰੇਟ ਦੇ ਸਾਬਕਾ ਅਧਿਕਾਰੀ ਅਤੇ ਗ੍ਰੇਡ-15 ਦੇ ਸੇਵਾਮੁਕਤ ਅਧਿਕਾਰੀ ਦੀ ਗ੍ਰਿਫ਼ਤਾਰੀ ਅਤੇ ਜਾਂਚ ਤੋਂ ਬਾਅਦ ਹੋਈ ਹੈ। ਸਾਊਦੀ ਅਰਬ ਵਿਚ ਪਾਕਿਸਤਾਨੀ ਰਾਜਦੂਤ ਨਾਲ ਟਿੱਪਣੀ ਲਈ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਇਸ ਮੁੱਦੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਪਾਸਪੋਰਟ ਡਾਇਰੈਕਟੋਰੇਟ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Leave a comment