#INDIA

ਸਾਈਬਰ ਅਪਰਾਧੀਆਂ ਵੱਲੋਂ ਆਸਟ੍ਰੇਲੀਆ ਦੀ ਜੇਲ੍ਹ ਤੋਂ ਨਜ਼ਦੀਕੀ ਰਿਸ਼ਤੇਦਾਰ ਨੂੰ ਰਿਹਾਅ ਕਰਵਾਉਣ ਬਹਾਨੇ ਦਿੱਲੀ ਦੇ ਸਿੱਖ ਪਰਿਵਾਰ ਕੋਲੋਂ 4 ਲੱਖ ਰੁਪਏ ਠੱਗੇ

ਵਿਦੇਸ਼ਾਂ ‘ਚ ਪੜ੍ਹਾਈ ਕਰਨ ਗਏ ਬੱਚਿਆਂ ਦੇ ਮਾਪਿਆਂ ਨੂੰ ਸਾਵਧਾਨੀ ਵਰਤਣ ਦੀ ਲੋੜ
ਨਵੀਂ ਦਿੱਲੀ, 2 ਜੂਨ (ਪੰਜਾਬ ਮੇਲ)- ਸਾਈਬਰ ਅਪਰਾਧੀਆਂ ਨੇ ਉੱਤਰੀ ਦਿੱਲੀ ਦੇ ਰਹਿਣ ਵਾਲੇ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਆਸਟਰੇਲੀਆ ਦੀ ਜੇਲ੍ਹ ਤੋਂ ਰਿਹਾਅ ਕਰਵਾਉਣ ਦੇ ਬਹਾਨੇ 4 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸਬੰਧੀ ਗੁਰਸਿਮਰਨ ਸਿੰਘ (29) ਨੇ ਹਾਲ ਹੀ ਵਿਚ ਜ਼ਿਲ੍ਹਾ ਸਾਈਬਰ ਸੈੱਲ ਕੋਲ ਐੱਫ.ਆਈ.ਆਰ. ਦਰਜ ਕਰਵਾਈ ਹੈ, ਜਿਸ ਵਿਚ ਉਸ ਨੇ ਦੋਸ਼ ਲਾਇਆ ਹੈ ਕਿ ਉਸ ਦੀ ਮਾਂ ਨੂੰ ਅੰਤਰਰਾਸ਼ਟਰੀ ਫ਼ੋਨ ਨੰਬਰ ਤੋਂ ਵਟਸਐਪ ‘ਤੇ ਕਾਲ ਆਈ ਅਤੇ ਫ਼ੋਨ ਕਰਨ ਵਾਲੇ ਨੇ ਖ਼ੁਦ ਨੂੰ ਨੌਨਿਹਾਲ ਕਿਹਾ ਸਿੰਘ ਦੱਸਿਆ। ਗੁਰਸਿਮਰਨ ਨੇ ਐੱਫ.ਆਈ.ਆਰ. ਵਿਚ ਕਿਹਾ, ‘ਨੌਨਿਹਾਲ ਮੇਰੇ ਭਰਾ ਵਰਗਾ ਹੈ ਅਤੇ ਉਹ ਪੜ੍ਹਾਈ ਲਈ ਆਸਟਰੇਲੀਆ ਗਿਆ ਹੈ। ਉਸ ਨੇ ਮੇਰੀ ਮਾਂ ਨੂੰ ਦੱਸਿਆ ਕਿ ਉਸ ਦੇ ਦੋਸਤਾਂ ਦੀ ਕਿਸੇ ਵਿਅਕਤੀ ਨਾਲ ਲੜਾਈ ਹੋਈ ਸੀ, ਜਿਸ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ ਅਤੇ ਪੁਲਿਸ ਨੇ ਇਸ ਸਬੰਧ ਵਿਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਨੌਨਿਹਾਲ ਨੇ ਕਿਹਾ ਕਿ ਉਸ ਦੇ ਸਾਰੇ ਦੋਸਤ ਜੇਲ੍ਹ ਵਿਚ ਹਨ ਅਤੇ ਸਿਰਫ਼ ਉਹ ਇਸ ਸਮੇਂ ਬਾਹਰ ਹੈ। ਉਸ ਨੇ ਮੇਰੀ ਮਾਂ ਨੂੰ ਕਿਹਾ ਕਿ ਵਕੀਲ ਉਸ ਨੂੰ ਮਾਮਲੇ ਬਾਰੇ ਵਿਸਥਾਰ ਨਾਲ ਦੱਸਣ ਲਈ ਫੋਨ ਕਰੇਗਾ। ਕੁਝ ਦੇਰ ਬਾਅਦ ਵਕੀਲ ਦਾ ਫੋਨ ਆਇਆ ਅਤੇ ਉਨ੍ਹਾਂ ਕਿਹਾ ਕਿ ਨੌਨਿਹਾਲ ਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਉਸ ਨੂੰ ਜ਼ਮਾਨਤ ਲਈ ਤੁਰੰਤ ਪੁਲਿਸ ਕੋਲ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ। ਵਕੀਲ ਨੇ ਕਿਹਾ ਕਿ ਜੇ ਰਕਮ ਜਮ੍ਹਾ ਨਾ ਕਰਵਾਈ ਗਈ, ਤਾਂ ਉਨ੍ਹਾਂ (ਨੌਨਿਹਾਲ ਅਤੇ ਉਸ ਦੇ ਦੋਸਤਾਂ) ਨੂੰ 15 ਤੋਂ 20 ਸਾਲ ਦੀ ਜੇਲ੍ਹ ਕੱਟਣੀ ਪਵੇਗੀ। ਫਿਰ ਉਸ ਨੇ ਰਾਂਚੀ ਸਥਿਤ ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ.) ਦੀ ਸ਼ਾਖਾ ਦਾ ਖਾਤਾ ਨੰਬਰ ਭੇਜਿਆ, ਜੋ ਵਿਕਰਮ ਕੁਮਾਰ ਮੁੰਡਾ ਦੇ ਨਾਮ ‘ਤੇ ਸੀ ਪਰ ਇਸ ਤੋਂ ਬਾਅਦ ਉਸ ਨੇ ਦੁਬਾਰਾ ਫ਼ੋਨ ਕਰਕੇ ਕਿਹਾ ਕਿ ਆਸਟਰੇਲੀਆ ਪੁਲਿਸ 2.3 ਲੱਖ ਰੁਪਏ ਹੋਰ ਮੰਗ ਰਹੀ ਹੈ।’ ਗੁਰਸਿਮਰਨ ਨੇ ਦੱਸਿਆ ਕਿ ਉਸ ਨੇ ਇਹ ਰਕਮ ਖਾਤੇ ਵਿਚ ਵੀ ਜਮ੍ਹਾਂ ਕਰਵਾ ਦਿੱਤੀ ਸੀ। ਰਾਸ਼ੀ ਜਮ੍ਹਾ ਕਰਨ ਤੋਂ ਬਾਅਦ ਕੁਝ ਗੜਬੜ ਮਹਿਸੂਸ ਹੋਈ ਅਤੇ ਹੋਰ ਰਿਸ਼ਤੇਦਾਰਾਂ ਤੋਂ ਨੌਨਿਹਾਲ ਦਾ ਹਾਲ ਪੁੱਛਿਆ। ਪਤਾ ਲੱਗਾ ਕਿ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਨਹੀਂ ਹੋਇਆ। ਫਿਰ ਅਹਿਸਾਸ ਹੋਇਆ ਕਿ ਸਾਈਬਰ ਧੋਖਾਧੜੀ ਕੀਤੀ ਗਈ ਹੈ।

Leave a comment