#PUNJAB

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੋਟ ਬਣਾਉਣ ਦੀ ਪ੍ਰਕਿਰਿਆ ਜਲਦੀ ਹੋਵੇੇਗੀ ਸ਼ੁਰੂ : ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਅੰਮ੍ਰਿਤਸਰ, 9 ਜੂਨ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਵੋਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਕਵਾਇਦ ਆਰੰਭ ਕਰਨ ਦੇ ਸੰਕੇਤ ਹਨ, ਅਜਿਹੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਹਰਿਆਣਾ ਵਿੱਚ ਅਜੇ ਵੀ ਗੁਰਦੁਆਰਾ ਐਕਟ ਲਾਗੂ ਹੈ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੂੰ ਇੱਕ ਮੰਗ ਪੱਤਰ ਰਾਹੀਂ ਕਿਹਾ ਗਿਆ ਹੈ ਕਿ ਹਰਿਆਣਾ ‘ਚ 11 ਮੈਂਬਰਾਂ ਦੀ ਚੋਣ ਕਰਵਾਉਣ ਲਈ ਅਮਲ ਸ਼ੁਰੂ ਕੀਤਾ ਜਾਵੇ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਵੋਟ ਸੂਚੀਆਂ ਸੋਧਣ ਭਾਵ ਅਪਡੇਟ ਕਰਨ ਦਾ ਐਲਾਨ ਕੀਤਾ ਗਿਆ ਹੈ ਤਾਂ ਕਿ ਐਸਜੀਪੀਸੀ ਮੈਂਬਰਾਂ ਦਾ ਨਵਾਂ ਜਨਰਲ ਹਾਊਸ ਚੁਣਿਆ ਜਾਵੇ ਪਰ ਇਸ ਫੈਸਲੇ ਦੇ ਆਉਣ ਤੋਂ ਬਾਅਦ ਵੀ ਸਥਿਤੀ ਸਪਸ਼ਟ ਨਹੀਂ ਦਿੱਸ ਰਹੀ।
ਇੱਕ ਪਾਸੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਂਦ ‘ਚ ਆ ਚੁੱਕੀ ਹੈ ਤੇ ਉਨ੍ਹਾਂ ਦੇ ਵੱਲੋਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਵੀ ਸੰਭਾਲ ਲਿਆ ਗਿਆ ਤੇ ਦੂਜੇ ਪਾਸੇ ਗੁਰਦੁਆਰਾ ਐਕਟ 1925 ਵੀ ਕਾਇਮ ਹੈ, ਜਿਸ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਸਿੱਧੇ ਚੁਣੇ ਜਾਂਦੇ 157 ਮੈਂਬਰਾਂ ਵਿੱਚੋਂ 10 ਮੈਂਬਰ ਤੇ ਕੁੱਲ 191 ਮੈਂਬਰਾਂ ‘ਚੋਂ 11 ਮੈਂਬਰ ਹਰਿਆਣੇ ‘ਚੋਂ ਆਉਂਦੇ ਹਨ।
ਹੁਣ ਇਹ ਬਿਲਕੁਲ ਸਪਸ਼ਟ ਨਹੀਂ ਹੈ ਕਿ ਹਰਿਆਣਾ ਕਮੇਟੀ ਦੇ 11 ਮੈਂਬਰਾਂ ਦਾ ਕੀ ਬਣੇਗਾ ਜਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ‘ਚੋਂ 11 ਮੈਂਬਰ ਘਟਾ ਦਿੱਤੇ ਜਾਣਗੇ ਜਾਂ 1925 ਐਕਟ ‘ਚ ਸੋਧ ਕੀਤੀ ਜਾਵੇਗੀ ਕਿਉਂਕਿ ਚੰਡੀਗੜ੍ਹ ਤੇ ਹਿਮਾਚਲ ‘ਚ ਚੋਣਾਂ ਸਬੰਧੀ ਕੋਈ ਹਲਚਲ ਨਹੀਂ ਤੇ ਨਾ ਹੀ ਚੰਡੀਗੜ੍ਹ ਤੇ ਹਿਮਾਚਲ ਦੇ ਸਿੱਖਾਂ ਦੀਆਂ ਵੋਟਾਂ ਬਣਾਉਣ ਨੂੰ ਵੀ ਲੈ ਕੇ ਕਿਸੇ ਤਰਾਂ ਦਾ ਨੋਟਿਸ ਅਜੇ ਤੱਕ ਜਾਰੀ ਨਹੀਂ ਹੋਇਆ।

Leave a comment