-ਬਿਨਾਂ ਪ੍ਰਵਾਨਗੀ ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫੀ ਦੀ ਮਨਾਹੀ; ਤਿੰਨ ਭਾਸ਼ਾਵਾਂ ‘ਚ ਦਿੱਤੀ ਜਾ ਰਹੀ ਹੈ ਜਾਣਕਾਰੀ
ਅੰਮ੍ਰਿਤਸਰ, 27 ਮਈ (ਪੰਜਾਬ ਮੇਲ)- ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਮਰਿਆਦਾ ਦੀ ਪਾਲਣਾ ਕਰਨ ਲਈ ਸ਼ਰਧਾਲੂਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਹਦਾਇਤਾਂ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਵਿਚ ਵੱਡੀ ਸਕਰੀਨ ‘ਤੇ ਤਿੰਨ ਭਾਸ਼ਾਵਾਂ ਵਿਚ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ, ਜਿਸ ਵਿਚ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਦਿਖਾਵੇ ਵਾਲੇ ਅਤੇ ਛੋਟੇ ਕੱਪੜੇ ਪਹਿਨਣ ਤੋਂ ਵਰਜਿਆ ਗਿਆ ਹੈ। ਇਸੇ ਤਰ੍ਹਾਂ ਬਿਨਾਂ ਪ੍ਰਵਾਨਗੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦੀ ਵੀ ਮਨਾਹੀ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਦਿਸ਼ਾ-ਨਿਰਦੇਸ਼ ਹਾਲ ਹੀ ਵਿਚ ਵਾਪਰੀਆਂ ਕੁਝ ਘਟਨਾਵਾਂ ਤੋਂ ਬਾਅਦ ਜਾਰੀ ਕੀਤੇ ਗਏ ਹਨ। ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਇਥੇ ਇੱਕ ਕੁੜੀ ਨੂੰ ਮੂੰਹ ‘ਤੇ ਤਿਰੰਗੇ ਵਾਲਾ ਸਟਿੱਕਰ ਅਤੇ ਛੋਟੇ ਕੱਪੜੇ ਪਹਿਨ ਕੇ ਅੰਦਰ ਜਾਣ ਤੋਂ ਰੋਕਿਆ ਗਿਆ ਸੀ, ਜਿਸ ਕਾਰਨ ਸੇਵਾਦਾਰ ਨਾਲ ਵਿਵਾਦ ਹੋਇਆ ਸੀ ਅਤੇ ਇਸ ਮਾਮਲੇ ਨੂੰ ਕੌਮੀ ਪੱਧਰ ‘ਤੇ ਤੂਲ ਦਿੱਤੀ ਗਈ ਸੀ। ਇਸ ਤੋਂ ਬਾਅਦ ਇੱਕ ਗੈਰ ਪੰਜਾਬੀ ਯਾਤਰੀ ਕੋਲੋਂ ਤੰਬਾਕੂ ਵਾਲੀਆਂ ਵਸਤਾਂ ਬਰਾਮਦ ਹੋਈਆਂ ਸਨ। ਦਰਬਾਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਮੱਥਾ ਟੇਕਣ ਲਈ ਪੁੱਜਦੇ ਹਨ ਪਰ ਮਰਿਆਦਾ ਤੇ ਨਿਯਮਾਂ ਦੀ ਜਾਣਕਾਰੀ ਨਾ ਹੋਣ ਕਾਰਨ ਇਨ੍ਹਾਂ ਕੋਲੋਂ ਅਨਜਾਣੇ ਵਿਚ ਕੋਈ ਭੁੱਲ ਹੋ ਜਾਂਦੀ ਹੈ। ਹੁਣ ਸਕਰੀਨ ‘ਤੇ ਹਰ ਵੇਲੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚ ਦਿਸ਼ਾ-ਨਿਰਦੇਸ਼ ਦਰਸਾਏ ਜਾ ਰਹੇ ਹਨ, ਜਿਨ੍ਹਾਂ ‘ਚ ਦੱਸਿਆ ਗਿਆ ਹੈ ਕਿ ਸ਼ਰਧਾਲੂ ਪਰਿਕਰਮਾ ਵਿਚ ਦਾਖ਼ਲ ਹੋਣ ਵੇਲੇ ਸਿਰ ਢੱਕ ਕੇ ਜਾਣ ਅਤੇ ਇਸ ਲਈ ਹਰੇਕ ਪ੍ਰਵੇਸ਼ ਦੁਆਰ ‘ਤੇ ਰੁਮਾਲਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤੰਬਾਕੂ, ਬੀੜੀ, ਸਿਗਰਟ, ਸ਼ਰਾਬ ਅਤੇ ਕੋਈ ਵੀ ਨਸ਼ੀਲੀ ਚੀਜ਼ ਅੰਦਰ ਲੈ ਕੇ ਜਾਣ ਤੋਂ ਮਨ੍ਹਾਂ ਕੀਤਾ ਗਿਆ ਹੈ ਤੇ ਯਾਤਰੀਆਂ ਨੂੰ ਆਪਣਾ ਸਮਾਨ ਸਿਰਫ ਪਰਿਕਰਮਾ ਅੰਦਰ ਅਤੇ ਬਾਹਰ ਬਣੇ ਗੱਠੜੀ ਘਰਾਂ ਵਿਚ ਹੀ ਜਮ੍ਹਾਂ ਕਰਵਾਉਣ ਵਾਸਤੇ ਆਖਿਆ ਗਿਆ ਹੈ।