#PUNJAB

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪਾਕਿਸਤਾਨ ’ਚ ਗੁਰਦੁਆਰਾ ਸਾਹਿਬ ਅੰਦਰ ਹੁੱਲੜਬਾਜ਼ਾਂ ਦੀ ਹਰਕਤ ਦਾ ਲਿਆ ਨੋਟਿਸ

ਵਿਦੇਸ਼ਾਂ ’ਚ ਸਿੱਖ ਵਿਰੋਧੀ ਘਟਨਾਵਾਂ ਨੂੰ ਲੈ ਕੇ ਵਿਦੇਸ਼ ਮੰਤਰੀ ਤੱਕ ਜਲਦ ਕਰਾਂਗੇ ਪਹੁੰਚ- ਐਡਵੋਕੇਟ ਧਾਮੀ

ਅੰਮ੍ਰਿਤਸਰ, 2 ਜੁਲਾਈ  (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ’ਚ ਸੂਬਾ ਸਿੰਧ ਦੇ ਸ਼ਹਿਰ ਸੱਖਰ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰਾ ਸਿੰਘ ਸਭਾ ਅੰਦਰ ਰਾਗੀ ਸਿੰਘਾਂ ਨਾਲ ਦੁਰਵਿਹਾਰ ਕਰਨ ਅਤੇ ਜ਼ਬਰੀ ਕੀਰਤਨ ਬੰਦ ਕਰਵਾਉਣ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਮੰਦਭਾਗੀ ਘਟਨਾ ਹੈ ਜਿਸ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਐਡਵੋਕੇਟ ਧਾਮੀ ਨੇ ਪੁਲਿਸ ਵੱਲੋਂ ਦੋਸ਼ੀ ਵਿਅਕਤੀਆਂ ਨੂੰ ਛੱਡ ਦੇਣ ’ਤੇ ਵੀ ਇਤਰਾਜ਼ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੰਦਰ ਘੱਟ ਗਿਣਤੀ ਸਿੱਖਾਂ ਨਾਲ ਅਜਿਹੀ ਧੱਕੇਸ਼ਾਹੀ ਬਰਦਾਸ਼ਤਯੋਗ ਨਹੀਂ ਹੈ। ਪਾਕਿਸਤਾਨ ਸਰਕਾਰ ਉਥੇ ਵਸਦੇ ਘੱਟ ਗਿਣਤੀ ਸਿੱਖਾਂ ਅਤੇ ਗੁਰੂ ਘਰਾਂ ਦੀ ਸੁਰੱਖਿਆ ਯਕੀਨੀ ਬਣਾਵੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਾਕਿਸਤਾਨ ’ਚ ਕੁਝ ਦਿਨ ਪਹਿਲਾਂ ਇਕ ਸਿੱਖ ਦੁਕਾਨਦਾਰ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਹੁਣ ਗੁਰਦੁਆਰਾ ਸਾਹਿਬ ਅੰਦਰ ਸ਼ਰਾਰਤੀ ਲੋਕਾਂ ਵੱਲੋਂ ਮਰਯਾਦਾ ਭੰਗ ਕੀਤੀ ਗਈ ਹੈ। ਇਹ ਘਟਨਾਵਾਂ ਚਿੰਤਾਜਨਕ ਹਨ। ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਇਸ ਨੂੰ ਸੰਜੀਦਗੀ ਨਾਲ ਲਵੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਮੰਗੇ। ਐਡਵੋਕੇਟ ਧਾਮੀ ਨੇ ਕਿਹਾ ਕਿ ਪਾਕਿਸਤਾਨ ਅਤੇ ਹੋਰ ਦੇਸ਼ਾਂ ਅੰਦਰ ਸਿੱਖਾਂ ਵਿਰੁੱਧ ਵਾਪਰਦੀਆਂ ਘਟਨਾਵਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਤੱਕ ਵੀ ਜਲਦ ਪਹੁੰਚ ਕੀਤੀ ਜਾਵੇਗੀ।

Leave a comment