#PUNJAB

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਸਿੱਖਾਂ ਨੂੰ ਆਪਣੇ ਨਾਂਅ ਨਾਲ ਛੋਟੇ ਨਾਂਅ ਨਾ ਲਗਾਉਣ ਦੀ ਅਪੀਲ

ਲੁਧਿਆਣਾ, 6 ਮਾਰਚ (ਪੰਜਾਬ ਮੇਲ)- ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ‘ਆਗਾਜ਼ ਰੈਲੀ’ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਰੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਂਅ ਨਾਲ ਛੋਟੇ ਨਾਂਅ ਲਗਾਉਣ ਦੀ ਥਾਂ ਆਪਣੇ ਨਾਂਅ ਨਾਲ ਸਿੰਘ ਲਗਾਉਣ ਤੋਂ ਬਾਅਦ ਪਿੰਡ ਜਾਂ ਸ਼ਹਿਰ ਦਾ ਨਾਂਅ ਹੀ ਲਗਾਉਣ। ਉਨ੍ਹਾਂ ਨੇ ਮੰਚ ‘ਤੇ ਬੈਠੇ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੋਆਰਡੀਨੇਟਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਆਪਣੇ ਕੋਲ ਖੜ੍ਹਾ ਕਰਕੇ ਕਿਹਾ ਕਿ ਉਹ ਅੱਜ ਤੋਂ ਬਾਅਦ ਆਪਣੇ ਨਾਂਅ ਨਾਲ ਬੰਟੀ ਨਾ ਲਗਾਉਣ ਅਤੇ ਉਹ ਆਪਣਾ ਨਾਂਅ ਪਰਮਬੰਸ ਸਿੰਘ ਰੋਮਾਣਾ ਲਿਖਣ। ਇਸੇ ਦੌਰਾਨ ਉਨ੍ਹਾਂ ਨੇ ਹੋਰਨਾਂ ਆਗੂਆਂ ਨੂੰ ਵੀ ਆਪਣੇ ਛੋਟੇ ਨਾਂਅ ਨਾ ਲਿਖਣ ਲਈ ਆਖਿਆ। ਉਨ੍ਹਾਂ ਕਿਹਾ ਕਿ ਸਿੱਖ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨ ਪਰ ਉਨ੍ਹਾਂ ਨੂੰ ਹਮੇਸ਼ਾਂ ਤਰਜੀਹ ਮਾਂ ਬੋਲੀ ਪੰਜਾਬੀ ਨੂੰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਬਾਣੀ ਪੰਜਾਬੀ ‘ਚ ਦਰਜ ਹੈ ਅਤੇ ਗੁਰੂ ਸਾਹਿਬਾਨਾਂ ਦਾ ਸਾਰਾ ਗਿਆਨ ਹੀ ਸਾਨੂੰ ਗੁਰਮੁੱਖੀ ਤੋਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਨਾਂਅ ਨਾਲ ਛੋਟੇ ਨਾਂਅ ਲਿਖਣਾ ਤੇ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਦੇਣਾ ਸ਼ੁਰੂ ਕਰ ਦੇਵਾਂਗੇ, ਤਾਂ ਸਾਡੀ ਸ਼ਾਨ ਹੋਰ ਵੀ ਜ਼ਿਆਦਾ ਵਧੇਗੀ।

Leave a comment