#PUNJAB

ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਰਜਿਸਟਰੇਸ਼ਨ ਦੀ 21 ਅਕਤੂਬਰ ਤੋਂ 15 ਨਵੰਬਰ ਤੱਕ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਪੰਜਾਬ ਮੇਲ)- ਗੁਰਦੁਆਰਾ ਚੋਣ ਕਮਿਸ਼ਨ ਪੰਜਾਬ ਵੱਲੋਂ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮ 1959 ਦੇ ਨਿਯਮ 6 ਤੋਂ 12 ਅਨੁਸਾਰ ਜ਼ਿਲ੍ਹੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀ ਤਿਆਰ ਕਰਨ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।
ਇਸ ਅਨੁਸਾਰ ਜ਼ਿਲ੍ਹੇ ਵਿਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਗੁਰਦੁਆਰਾ ਬੋਰਡ ਚੋਣ ਹਲਕੇ 60- ਫ਼ਤਹਿਗੜ੍ਹ ਸਾਹਿਬ, 61-ਬਸੀ ਪਠਾਣਾ ਅਤੇ 62-ਅਮਲੋਹ ਵਿਚ 21 ਅਕਤੂਬਰ ਤੋਂ 15 ਨਵੰਬਰ ਤੱਕ ਵੋਟਰਾਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਵੋਟਰ ਸੂਚੀ ਤਿਆਰ ਕਰਨ ਸਬੰਧੀ 26 ਦਸੰਬਰ ਤੱਕ ਦਾਅਵੇ ‘ਤੇ ਇਤਰਾਜ਼ ਦਿੱਤੇ ਜਾ ਸਕਦੇ ਹਨ ਅਤੇ 4 ਜਨਵਰੀ ਨੂੰ ਦਾਅਵੇ ‘ਤੇ ਇਤਰਾਜ਼ਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 5 ਜਨਵਰੀ ਨੂੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 16 ਜਨਵਰੀ ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟ ਬਣਾਉਣ ਲਈ ਬਿਨੈਕਾਰਾਂ ਵੱਲੋਂ ਭਰੇ ਫਾਰਮ ‘ਤੇ ਦਰਜ ਵੋਟਰ ਦਾ ਨਾਮ, ਮਾਤਾ/ਪਿਤਾ/ਪਤੀ ਦਾ ਨਾਮ ਉਸ ਦੇ ਆਧਾਰ ਕਾਰਡ ਜਾਂ ਸ਼ਨਾਖਤੀ ਕਾਰਡ ਨਾਲ ਮਿਲਾ ਕੇ ਉਸ ਦੀ ਤਸਦੀਕ ਅਤੇ ਪੁਸ਼ਟੀ ਕੀਤੀ ਜਾਵੇਗੀ।

Leave a comment