#PUNJAB

ਸ਼੍ਰੋਮਣੀ ਅਕਾਲੀ ਪੰਥਕ ਬੋਰਡ ਰਾਹੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨਗੇ ਬੀਬੀ ਜਗੀਰ ਕੌਰ

ਲੁਧਿਆਣਾ, 6 ਜੂਨ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜਿਨ੍ਹਾਂ ਨੂੰ ਲੰਘੇ ਦਿਨੀਂ ਸ਼੍ਰੋਮਣੀ ਅਕਾਲੀ ਪੰਥਕ ਬੋਰਡ ਬਣਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਸਪੱਸ਼ਟ ਕਿਹਾ ਕਿ ਉਨ੍ਹਾਂ ਵੱਲੋਂ ਬਣਾਏ ਬੋਰਡ ਵਿਚ ਚੰਗੇ ਅਕਸ ਤੇ ਗੁਰਸਿੱਖ ਧਾਰਮਿਕ ਖੇਤਰ ਨਾਲ ਜੁੜੇ ਵਿਅਕਤੀਆਂ ਰਾਹੀਂ ਉਹ ਸ਼੍ਰੋ.ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨਗੇ।
ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਆਉਂਦੇ ਹਨ, ਤਾਂ ਉਨ੍ਹਾਂ ਕਿਹਾ ਕਿ ਮੈਂ ਹੁਣ ਕਿਧਰੇ ਨਹੀਂ ਜਾਵਾਂਗੀ, ਸਗੋਂ ਧਾਰਮਿਕ ਖੇਤਰ ਦੇ ਆਪਣੇ ਬਣਾਏ ਬੋਰਡ ਰਾਹੀਂ ਸ਼੍ਰੋਮਣੀ ਕਮੇਟੀ ਲਈ ਸੇਵਾ ਕਰਕੇ ਉਸ ਵਿਚ ਬਦਲਾਅ ਲਈ ਸਿਰ ਤੋੜ ਯਤਨ ਕਰਾਂਗੇ। ਉਸ ਵਿਚ ਵੱਡੇ ਪਰਿਵਾਰਾਂ ਦਾ ਦਖ਼ਲ ਖ਼ਤਮ ਕਰਨ ਦਾ ਯਤਨ ਕਰਾਂਗੇ।
ਉਨ੍ਹਾਂ ਕਿਹਾ ਕਿ ਹਾਂ ਮੈਨੂੰ ਪਾਰਟੀ ਵਿਚੋਂ ਕੱਢਣ ਵਾਲੇ ਅੱਜ ਜ਼ਰੂਰ ਸੋਚਣ। ਉਨ੍ਹਾਂ ਕਿਹਾ ਕਿ ਮੇਰੀ ਸੁਖਬੀਰ ਬਾਦਲ ਨਾਲ ਕੋਈ ਨਿੱਜੀ ਲੜਾਈ ਨਹੀਂ, ਸਿਧਾਂਤਾਂ ਦੀ ਲੜਾਈ ਹੈ, ਜੋ ਮੈਂ ਲੜਦੀ ਰਹਾਂਗੀ। ਬੀਬੀ ਜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਰਾਜਸੀ ਲੜਾਈ ਲੜੇ, ਸਰਕਾਰਾਂ ਬਣਾਵੇ ਪਰ ਧਾਰਮਿਕ ਮਾਮਲਿਆਂ ਵਿਚ ਦਖ਼ਲ ਦੇਣ ਤੋਂ ਗੁਰੇਜ਼ ਕਰੇ।

Leave a comment