#PUNJAB

ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ

– ਫੋਰਟਿਸ ਹਸਪਤਾਲ ‘ਚ ਲਏ ਆਖ਼ਰੀ ਸਾਹ; ਇਕ ਹਫ਼ਤੇ ਤੋਂ ਸਨ ਜ਼ੇਰੇ ਇਲਾਜ
– ਕੇਂਦਰ ਨੇ ਦੋ ਦਿਨਾਂ ਰਾਸ਼ਟਰੀ ਸੋਗ ਐਲਾਨਿਆ

ਸ. ਪ੍ਰਕਾਸ਼ ਸਿੰਘ ਬਾਦਲ ਨੂੰ 11 ਦਸੰਬਰ, 2011 ਨੂੰ ਸ੍ਰੀ  ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਰਤਨ ਫਖਰ-ਏ-ਕੌਮ ਦੀ ਉਪਾਧੀ ਨਾਲ ਨਿਵਾਜੇ ਜਾਣ ਸਮੇਂ ਦੀ ਤਸਵੀਰ।

ਐੱਸ.ਏ.ਐੱਸ. ਨਗਰ (ਮੁਹਾਲੀ), 26 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ। ਮੰਗਲਵਾਰ ਨੂੰ ਉਨ੍ਹਾਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖ਼ਰੀ ਸਾਹ ਲਏ। ਆਪਣੀ ਨਿਮਰਤਾ ਅਤੇ ਜ਼ਮੀਨ ਨਾਲ ਜੁੜੇ ਆਗੂ ਵਜੋਂ ਜਾਣੇ ਜਾਂਦੇ ਸ. ਬਾਦਲ ਦੀ ਸਿਹਤ ਕੁਝ ਸਮੇਂ ਤੋਂ ਠੀਕ ਨਹੀਂ ਸੀ ਅਤੇ ਸਾਹ ਲੈਣ ‘ਚ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਫ਼ਤਾ ਪਹਿਲਾਂ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਡਾਇਰੈਕਟਰ ਅਭੀਜੀਤ ਸਿੰਘ ਨੇ ਦੱਸਿਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਰਾਤ 8 ਵਜੇ ਆਖਰੀ ਸਾਹ ਲਏ। ਕਰੀਬ ਸੱਤ ਦਹਾਕਿਆਂ ਦੇ ਆਪਣੇ ਸਿਆਸੀ ਕੈਰੀਅਰ ‘ਚ ਸ. ਬਾਦਲ ਨੇ ਸੂਬੇ ਦੇ ਨਾਲ-ਨਾਲ ਰਾਸ਼ਟਰੀ ਸਿਆਸਤ ‘ਚ ਵੀ ਮੁੱਖ ਭੂਮਿਕਾ ਨਿਭਾਈ। ਸ. ਬਾਦਲ ਨੇ 1970 ਤੋਂ 1971, 1977 ਤੋਂ 1980, 1997 ਤੋਂ 2002, 2007 ਤੋਂ 2012 ਅਤੇ 2012 ਤੋਂ 2017 ਤੱਕ ਪੰਜ ਵਾਰ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ। ਬੀਤੇ ਸਾਲ 94 ਵਰ੍ਹਿਆਂ ਦੀ ਉਮਰ ‘ਚ ਸ. ਬਾਦਲ ਸੂਬਾਈ ਚੋਣ ਲੜਨ ਵਾਲੇ ਦੇਸ਼ ਦੇ ਸਭ ਤੋਂ ਉਮਰਦਰਾਜ ਉਮੀਦਵਾਰ ਬਣੇ, ਜਦ ਉਹ 13ਵੀਂ ਵਾਰ ਚੋਣ ਮੈਦਾਨ ‘ਚ ਉਤਰੇ ਸਨ। ਹਾਲਾਂਕਿ ਉਹ ਆਪਣੇ ਹਲਕੇ ਲੰਬੀ ਤੋਂ ਚੋਣ ਹਾਰ ਗਏ ਸਨ, ਜੋ ਸੱਤ ਦਹਾਕਿਆਂ ਤੋਂ ਵੱਧ ਦੇ ਉਨ੍ਹਾਂ ਦੇ ਸਿਆਸੀ ਕੈਰੀਅਰ ‘ਚ ਸਿਰਫ਼ ਦੂਜੀ ਹਾਰ ਸੀ।

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਪ੍ਰਕਾਸ਼ ਸਿੰਘ ਬਾਦਲ।

ਸ. ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਦੇ ਮੱਦੇਨਜ਼ਰ ਕੇਂਦਰ ਨੇ 26 ਤੇ 27 ਅਪ੍ਰੈਲ ਨੂੰ ਦੇਸ਼ ਭਰ ‘ਚ ਦੋ ਦਿਨਾ ਰਾਜਸੀ ਸ਼ੋਕ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਭੇਜੇ ਗਏ ਪੱਤਰ ‘ਚ ਕਿਹਾ ਹੈ ਕਿ ਮਰਹੂਮ ਹਸਤੀ ਦੇ ਸਨਮਾਨ ਵਜੋਂ ਕੇਂਦਰ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 26 ਤੇ 27 ਅਪ੍ਰੈਲ ਨੂੰ ਪੂਰੇ ਭਾਰਤ ‘ਚ ਦੋ ਦਿਨਾ ਰਾਜਸੀ ਸੋਗ ਮਨਾਇਆ ਜਾਵੇਗਾ। ਇਨ੍ਹਾਂ ਦੋ ਦਿਨਾਂ ‘ਚ ਉਨ੍ਹਾਂ ਸਾਰੀਆਂ ਇਮਾਰਤਾਂ ‘ਤੇ ਰਾਸ਼ਟਰੀ ਝੰਡਾ ਅੱਧਾ ਝੁਕਾਇਆ ਜਾਵੇਗਾ, ਜਿੱਥੇ ਰਾਸ਼ਟਰੀ ਝੰਡਾ ਨਿਯਮਤ ਤੌਰ ‘ਤੇ ਲਹਿਰਾਇਆ ਜਾਂਦਾ ਹੈ ਅਤੇ ਇਨ੍ਹਾਂ ਦੋ ਦਿਨਾਂ ‘ਚ ਕੋਈ ਵੀ ਸਰਕਾਰੀ ਮਨੋਰੰਜਨ ਨਹੀਂ ਹੋਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਦੀਆਂ ਲੋਕ ਸਭਾ ਚੋਣਾਂ ਲਈ ਵਾਰਾਨਸੀ ਦੇ ਕੁਲੈਕਟਰ ਦਫਤਰ ਵਿੱਚ ਨਾਮਜ਼ਦਗੀ ਭਰਨ ਤੋਂ ਪਹਿਲਾਂ ਪ੍ਰਕਾਸ਼ ਸਿੰੰਘ ਬਾਦਲ ਦੇ ਪੈਰੀਂ ਹੱਥ ਲਾਉਂਦੇ ਹੋਏ।

ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਵਿਸ਼ਵ ਭਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਨੈਸ਼ਨਲ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਸ਼ੋਕ ਸੁਨੇਹੇ ਆਉਣੇ ਸ਼ੁਰੂ ਹੋ ਗਏ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਈ ਕੇਂਦਰੀ ਮੰਤਰੀਆਂ, ਮੁੱਖ ਮੰਤਰੀਆਂ ਅਤੇ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੂਬੇ ਅਤੇ ਦੇਸ਼ ਦੇ ਲਈ ਉਨ੍ਹਾਂ ਦੇ ਅਥਾਹ ਯੋਗਦਾਨ ਦੀ ਸ਼ਲਾਘਾ ਕੀਤੀ। ਸ. ਬਾਦਲ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਹਸਪਤਾਲ ਦੇ ਬਾਹਰ ਕਈ ਸ਼ੁੱਭਚਿੰਤਕ ਤੇ ਪਾਰਟੀ ਵਰਕਰ ਇਕੱਠੇ ਹੋ ਗਏ।

ਪ੍ਰਕਾਸ਼ ਸਿੰਘ ਬਾਦਲ 15 ਅਪਰੈਲ 2013 ‘ਚ ਨਵੀਂ ਦਿੱਲੀ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਦੇ ਹੋਏ।

ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ‘ਤੇ ਇੰਜ: ਜਸਦੇਵ ਸਿੰਘ ਬੋਪਾਰਾਏ, ਯਾਦਵਿੰਦਰ ਸਿੰਘ ਯਾਦੂ, ਰਣਜੀਤ ਸਿੰਘ ਖੰਨਾ, ਸੰਤਾ ਸਿੰਘ ਉਮੈਦਪੁਰੀ, ਰਾਜਬੀਰ ਸਿੰਘ ਸਹਾਰਨ ਮਾਜਰਾ, ਮਲਕੀਤ ਸਿੰਘ ਦਾਖਾ, ਸਰਵਣ ਸਿੰਘ ਕੁਲਾਰ, ਰਣਜੀਤ ਸਿੰਘ ਖੁਰਾਣਾ, ਰਜਿੰਦਰ ਸਿੰਘ ਚੰਦੀ, ਰਵੀਕਰਨ ਸਿੰਘ ਕਾਹਲੋਂ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਵਰਿੰਦਰ ਸਿੰਘ ਬਾਜਵਾ, ਜਤਿੰਦਰ ਸਿੰਘ ਲਾਲੀ ਬਾਜਵਾ, ਲਖਵਿੰਦਰ ਸਿੰਘ ਲੱਖੀ, ਪ੍ਰੋ: ਵਿਰਸਾ ਸਿੰਘ ਵਲਟੋਹਾ, ਰਵਿੰਦਰ ਸਿੰਘ ਬ੍ਰਹਮਪੁਰਾ, ਚੌਧਰੀ ਬਲਬੀਰ ਸਿੰਘ ਮਿਆਣੀ, ਅਰਵਿੰਦਰ ਸਿੰਘ ਰਸੂਲਪੁਰ, ਗੁਰਮੇਲ ਸਿੰਘ ਸਿਕਰੀ, ਸਰਬਜੀਤ ਸਿੰਘ ਮੋਮੀ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਹਰਪ੍ਰੀਤ ਸਿੰਘ ਕੋਟਭਾਈ, ਹਰਦੀਪ ਸਿੰਘ ਡਿੰਪੀ ਢਿੱਲੋਂ, ਤੇਜਿੰਦਰ ਸਿੰਘ ਮਿੱਡੂਖੇੜਾ, ਅਵਤਾਰ ਸਿੰਘ ਵਣਵਾਲਾ, ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਮੇਤ ਕਈ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਜਲੰਧਰ : ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਵੇਈਂ ਨਾਲ ਬਾਦਲ ਦਾ ਦਿਲੋਂ ਲਗਾਅ ਸੀ। ਮੁੱਖ ਮੰਤਰੀ ਰਹਿੰਦਿਆਂ ਉਨ੍ਹਾਂ ਨੇ ਵੇਈਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਕਈ ਠੋਸ ਕਦਮ ਚੁੱਕੇ। ਉਨ੍ਹਾਂ ਦੇ ਦੇਹਾਂਤ ਕਾਰਨ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਮੁਹਾਲੀ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸਾਬਕਾ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੇਰ ਰਾਤ ਮੁਹਾਲੀ ਦੇ ਫੋਰਟਿਸ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਦੁੱਖ ਸਾਂਝਾ ਕੀਤਾ। ਖੱਟਰ ਨੇ ਕਿਹਾ ਕਿ ਵੱਡੇ ਬਾਦਲ ਦੀ ਮੌਤ ਨਾਲ ਇਕ ਸਿਆਸੀ ਯੁੱਗ ਦਾ ਅੰਤ ਹੋ ਗਿਆ ਹੈ। ਉਹ ਕਿਸਾਨ ਹਿਤੈਸ਼ੀ ਆਗੂ ਸਨ। ਇਸੇ ਤਰ੍ਹਾਂ ਬਿਕਰਮ ਮਜੀਠੀਆ ਨੇ ਕਿਹਾ ਕਿ ਵੱਡੇ ਬਾਦਲ ਦੇ ਤੁਰ ਜਾਣ ਨਾਲ ਪੰਜਾਬ ਨੂੰ ਹੀ ਨਹੀਂ, ਬਲਕਿ ਦੇਸ਼ ਨੂੰ ਵੱਡਾ ਘਾਟਾ ਪਿਆ ਹੈ।
ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ ਸਿਆਸੀ ਸਫ਼ਰ
ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ਦੀ ਸਰਪੰਚੀ ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ। ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਵੱਡੇ ਬਾਦਲ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ। ਉਹ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ ਸੀ। ਉਹ ਲੋਕਾਂ ਵਿਚ ਕਾਫ਼ੀ ਹਰਮਨ ਪਿਆਰੇ ਆਗੂ ਵਜੋਂ ਜਾਣੇ ਜਾਂਦੇ ਸਨ। ਅਕਾਲੀ ਦਲ ਦੀ ਸਰਕਾਰ ਦੌਰਾਨ ਉਨ੍ਹਾਂ ਨੇ ਸੰਗਤ ਦਰਸ਼ਨ ਪ੍ਰੋਗਰਾਮ ਉਲੀਕ ਕੇ ਨਵੀਂ ਪਿਰਤ ਪਾਈ ਸੀ। ਉਹ ਬਹੁਤ ਅਪਣੱਤ ਨਾਲ ਆਪਣੇ ਵਰਕਰਾਂ ਨੂੰ ਮਿਲਦੇ ਸਨ ਅਤੇ ਮੁੱਖ ਮੰਤਰੀ ਹੁੰਦਿਆਂ ਵੀ ਉਹ ਕਦੇ ਕਿਸੇ ਅਧਿਕਾਰੀ ਜਾਂ ਪਾਰਟੀ ਆਗੂ ਤੇ ਵਰਕਰ ਨੂੰ ਉੱਚੀ ਆਵਾਜ਼ ਵਿਚ ਨਹੀਂ ਬੋਲੇ।
ਪ੍ਰਧਾਨ ਮੰਤਰੀ ਮੋਦੀ ਨੇ ਸ. ਬਾਦਲ ਦੇ ਦੇਹਾਂਤ ਨੂੰ ਦੱਸਿਆ ‘ਨਿੱਜੀ ਘਾਟਾ’
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਨੂੰ ‘ਨਿੱਜੀ ਘਾਟਾ’ ਦੱਸਿਆ ਹੈ। ਸ਼੍ਰੀ ਮੋਦੀ ਨੇ ਕਿਹਾ ਉਹ ਭਾਰਤੀ ਰਾਜਨੀਤੀ ਦੀ ਆਦਮ ਕੱਦ ਸ਼ਖ਼ਸੀਅਤ ਸਨ, ਜਿਨ੍ਹਾਂ ਰਾਸ਼ਟਰ ਲਈ ਵੱਡਾ ਯੋਗਦਾਨ ਪਾਇਆ। ਸ਼੍ਰੀ ਮੋਦੀ ਨੇ ਟਵੀਟ ਵਿਚ ਕਿਹਾ, ”ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਦੇਹਾਂਤ ਨਾਲ ਵੱਡਾ ਦੁਖ ਹੋਇਆ ਹੈ। ਉਹ ਭਾਰਤੀ ਸਿਆਸਤ ਦੀ ਵੱਡ ਆਕਾਰੀ ਸ਼ਖ਼ਸੀਅਤ ਸਨ ਤੇ ਉਹ ਸ਼ਾਨਦਾਰ ਸਿਆਸਤਦਾਨ ਸਨ, ਜਿਨ੍ਹਾਂ ਦੇਸ਼ ਲਈ ਵੱਡਾ ਯੋਗਦਾਨ ਪਾਇਆ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਬਾਦਲ ਨੇ ਪੰਜਾਬ ਦੀ ਤਰੱਕੀ ਤੇ ਵਿਕਾਸ ਲਈ ਅਣਥੱਕ ਕੰਮ ਕੀਤਾ ਤੇ ਨਾਜ਼ੁਕ ਸਮਿਆਂ ਵਿਚ ਵੀ ਉਨ੍ਹਾਂ ਸੂਬੇ ਦੀ ਮੂਹਰੇ ਹੋ ਕੇ ਅਗਵਾਈ ਕੀਤੀ। ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼੍ਰੀ ਬਾਦਲ ਦੇ ਦੇਹਾਂਤ ‘ਤੇ ਦੁੱਖ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਨੂੰ ਧਰਤੀ ਦਾ ਪੁੱਤਰ ਦੱਸਿਆ, ਜੋ ਹਮੇਸ਼ਾਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ।

ਭਗਵੰਤ ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ
ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਬਾਦਲ ਦੇ ਦੇਹਾਂਤ ‘ਤੇ ਦੁਖ਼ ਜ਼ਾਹਿਰ ਕੀਤਾ ਹੈ। ਮਾਨ ਨੇ ਇਕ ਟਵੀਟ ਵਿਚ ਕਿਹਾ, ”ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਮਿਲੀ…ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ ‘ਚ ਥਾਂ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ…ਵਾਹਿਗੁਰੂ ਵਾਹਿਗੁਰੂ।

ਰਾਹੁਲ ਤੇ ਹੋਰਾਂ ਵੱਲੋਂ ਬਾਦਲ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ: ਕਾਂਗਰਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਭਾਰਤ ਦੀ ਸਿਆਸਤ ਵਿਚ ਇਕ ਦੌਰ ਦਾ ਅੰਤ ਹੋ ਗਿਆ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੀ ਖਬਰ ਬੇਹੱਦ ਦੁਖਦਾਈ ਹੈ। ਮੈਂ ਸੁਖਬੀਰ ਸਿੰਘ ਬਾਦਲ ਸਣੇ ਸਾਰੇ ਪਰਿਵਾਰ ਤੇ ਸਮਰਥਕਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।’ ਇਸੇ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।

ਪ੍ਰਕਾਸ਼ ਸਿੰਘ ਬਾਦਲ ਦੇਸ਼ ਦੇ ਕੱਦਾਵਰ ਆਗੂਆਂ ਵਿਚੋਂ ਇਕ ਸਨ। ਆਪਣੇ ਮਿਸਾਲੀ ਕਰੀਅਰ ਦੌਰਾਨ ਭਾਵੇਂ ਉਹ ਬਹੁਤ ਸਮਾਂ ਪੰਜਾਬ ਤੱਕ ਸੀਮਤ ਰਹੇ, ਪਰ ਉਨ੍ਹਾਂ ਦਾ ਸਤਿਕਾਰ ਪੂਰੇ ਦੇਸ਼ ਵਿਚ ਸੀ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਇਕ ਖਲਾਅ ਪੈਦਾ ਹੋ ਗਿਆ ਹੈ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਤੇ ਚਾਹੁਣ ਵਾਲਿਆਂ ਨਾਲ ਹਨ।
– ਦਰੋਪਦੀ ਮੁਰਮੂ, ਰਾਸ਼ਟਰਪਤੀ

ਪ੍ਰਕਾਸ਼ ਸਿੰਘ ਬਾਦਲ ਭਾਰਤੀ ਸਿਆਸਤ ਦੇ ਕੱਦਾਵਰ ਆਗੂ ਸਨ, ਜਿਨ੍ਹਾਂ ਇਕ ਆਗੂ ਵਜੋਂ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ। ਸਾਬਕਾ ਮੁੱਖ ਮੰਤਰੀ ਨੇ ਰਾਜ ਦੇ ਹਿੱਤਾਂ ਤੇ ਲੋਕਾਂ ਲਈ ਅਣਥੱਕ ਕਾਰਜ ਕੀਤੇ ਹਨ।
– ਬਨਵਾਰੀ ਲਾਲ ਪੁਰੋਹਿਤ, ਰਾਜਪਾਲ, ਪੰਜਾਬ

ਸ੍ਰੀ ਬਾਦਲ ਪੰਜਾਬ ਅਤੇ ਪੰਜਾਬੀਆਂ ਦੇ ਸੱਚੇ ਹਮਦਰਦ ਸਨ। ਉਨ੍ਹਾਂ ਪੰਜਾਬ ਦੇ ਹੱਕਾਂ ਤੇ ਹਿਤਾਂ ਲਈ ਲੰਬਾ ਸਮਾਂ ਜੇਲ੍ਹ ਕੱਟੀ। ਉਹ ਕਿਸਾਨਾਂ ਦੇ ਤਰਜਮਾਨ ਅਤੇ ਪੰਥਕ ਤੇ ਸਿੱਖ ਸਿਆਸਤ ਦੇ ਮੋਹਰੀ ਆਗੂ ਸਨ। ਕਈ ਦਹਾਕੇ ਰਾਜਨੀਤੀ ਵਿਚ ਬਣੇ ਰਹਿਣਾ ਅਤੇ ਅਕਾਲੀ ਸਿਆਸਤ ਨੂੰ ਅਗਵਾਈ ਦੇਣਾ ਉਨ੍ਹਾਂ ਦੀਆਂ ਅਹਿਮ ਪ੍ਰਾਪਤੀਆਂ ਹਨ।
– ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ, ਸ਼੍ਰੋਮਣੀ ਕਮੇਟੀ

ਮੈਂ ਪੂਰੇ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ। ‘ਬਾਦਲ ਸਾਹਿਬ’ ਪਾਰਟੀਆਂ ਦੇ ਵਖ਼ਰੇਵਿਆਂ ਤੋਂ ਉਤੇ ਇਕ ਸਤਿਕਾਰਤ ਸ਼ਖ਼ਸੀਅਤ ਸਨ। ਪ੍ਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ।
– ਕੈਪਟਨ ਅਮਰਿੰਦਰ ਸਿੰਘ, ਭਾਜਪਾ ਆਗੂ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
– ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ, ਦਿੱਲੀ

Leave a comment