#PUNJAB

ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹੀ ਲੜੇਗਾ ਜਲੰਧਰ ਜ਼ਿਮਨੀ ਚੋਣ

ਜਲੰਧਰ, 8 ਅਪ੍ਰੈਲ (ਪੰਜਾਬ ਮੇਲ)- ਜਲੰਧਰ ਵਿਚ 10 ਮਈ ਨੂੰ ਹੋਣ ਵਾਲੀ ਲੋਕ ਸਭਾ ਜ਼ਿਮਨੀ ਚੋਣ ਅਕਾਲੀ ਦਲ ਅਤੇ ਬਸਪਾ ਗਠਜੋੜ ਮਿਲ ਕੇ ਲੜੇਗਾ। ਇਸ ਜ਼ਿਮਨੀ ਚੋਣ ਵਿਚ ਉਮੀਦਵਾਰ ਅਕਾਲੀ ਦਲ ਦਾ ਹੋਵੇਗਾ, ਇਸ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ। ਜਲੰਧਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਅਕਾਲੀ ਦਲ ਦਾ ਬਸਪਾ ਨਾਲ ਸਮਝੌਤਾ ਹੋ ਗਿਆ ਹੈ ਅਤੇ ਇਥੇ ਅਕਾਲੀ ਦਲ ਦਾ ਉਮੀਦਵਾਰ ਮੈਦਾਨ ਵਿਚ ਉਤਰੇਗਾ ਅਤੇ ਬਸਪਾ ਵਲੋਂ ਅਕਾਲੀ ਉਮੀਦਵਾਰ ਨੂੰ ਸਮਰਥਨ ਕੀਤਾ ਜਾਵੇਗਾ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਬਸਪਾ ਅਤੇ ਅਕਾਲੀ ਦਲ ਨੇ ਇਕੱਠੇ ਹੋ ਇਹ ਅਹਿਮ ਫ਼ੈਸਲਾ ਲਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਬਸਪਾ ਵੱਲੋਂ ਸੂਬੇ ਦੇ ਵਰਕਰਾਂ ਨੂੰ ਇਕੱਠੇ ਕਰਕੇ ਮੀਟਿੰਗ ਕੀਤੀ ਗਈ ਹੈ। ਜਿਸ ਤੋਂ ਬਾਅਦ ਅਸੀਂ ਵਿਉਂਤਬੰਦੀ ਕਰ ਲਈ ਹੈ ਕਿ ਜਲੰਧਰ ਵਿਚ ਚੋਣ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਅਜੇ ਤਕ ਅਕਾਲੀ ਦਲ ਵਲੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਹੁਣ ਸਾਫ਼ ਹੋ ਗਿਆ ਹੈ ਕਿ ਚੋਣ ਅਕਾਲੀ ਉਮੀਦਵਾਰ ਵਲੋਂ ਹੀ ਲੜੀ ਜਾਵੇਗੀ।

Leave a comment