#PUNJAB

ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਨਹੁੰ-ਮਾਸ ਦਾ ਰਿਸ਼ਤਾ ਮੁੜ ਬਣਨਾ ਸੌਖਾ ਨਹੀਂ

-ਗੱਠਜੋੜ ਦੀ ਸੰਭਾਵਨਾ ਨੂੰ ਬਰੇਕ ਲੱਗੀ; ਜਲੰਧਰ ਜ਼ਿਮਨੀ ਚੋਣ ਤੈਅ ਕਰੇਗੀ ਭਵਿੱਖ ਦਾ ਰਿਸ਼ਤਾ
ਚੰਡੀਗੜ੍ਹ, 1 ਮਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਹੁਣ ਨਹੁੰ-ਮਾਸ ਦਾ ਰਿਸ਼ਤਾ ਮੁੜ ਬਣਨਾ ਸੌਖਾ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਵਿਸ਼ੇਸ਼ ਤੌਰ ‘ਤੇ ਪੁੱਜਣ ਨਾਲ ਗੱਠਜੋੜ ਮੁੜ ਹੋਣ ਦੇ ਕਿਆਸ ਸ਼ੁਰੂ ਹੋ ਗਏ ਸਨ, ਜਿਨ੍ਹਾਂ ਨੂੰ ਭਾਜਪਾ ਆਗੂਆਂ ਨੇ ਖਾਰਜ ਕਰ ਦਿੱਤਾ ਹੈ। ਜਲੰਧਰ ਜ਼ਿਮਨੀ ਚੋਣ ਦੌਰਾਨ ਭਵਿੱਖ ‘ਚ ਅਕਾਲੀ-ਭਾਜਪਾ ਦਾ ਸੰਭਾਵੀ ਗੱਠਜੋੜ ਦੀ ਸੰਭਾਵਨਾ ਨੂੰ ਬਰੇਕ ਲੱਗ ਗਈ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਭਵਿੱਖ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਠਜੋੜ ਹੋਣ ਦੇ ਆਸਾਰ ਕਾਫ਼ੀ ਮੱਧਮ ਜਾਪਦੇ ਹਨ। ਸਿਆਸੀ ਹਲਕੇ ਆਖਦੇ ਹਨ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਖ਼ਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਪੂਰਾ ਸਤਿਕਾਰ ਕਰਦੇ ਸਨ ਪ੍ਰੰਤੂ ਹੁਣ ਜਦੋਂ ਵੱਡੇ ਬਾਦਲ ਇਸ ਦੁਨੀਆਂ ਵਿਚ ਨਹੀਂ ਰਹੇ ਤਾਂ ਉਨ੍ਹਾਂ ਦੀ ਗ਼ੈਰਮੌਜੂਦਗੀ ਵੀ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰੇਗੀ।
ਭਾਜਪਾ ਵੱਡੇ ਬਾਦਲ ਦੇ ਚਲੇ ਜਾਣ ਮਗਰੋਂ ਇਸ ਗੱਲ ‘ਤੇ ਨਜ਼ਰ ਰੱਖੇਗੀ ਕਿ ਪੰਜਾਬ ਦੇ ਲੋਕ ਹੁਣ ਅਕਾਲੀ ਦਲ ਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਦਿੰਦੇ ਹਨ। ਭਾਜਪਾ ਦੇ ਸੀਨੀਅਰ ਨੇਤਾ ਆਖਦੇ ਹਨ ਕਿ ਅਕਾਲੀ ਦਲ ਨੇ ਉਸ ਵੇਲੇ ਭਾਜਪਾ ਦਾ ਹੱਥ ਛੱਡਿਆ ਸੀ, ਜਦੋਂ ਪਾਰਟੀ ਔਖੇ ਦੌਰ ਵਿਚੋਂ ਦੀ ਲੰਘ ਰਹੀ ਸੀ। ਇਹ ਵੀ ਆਖਿਆ ਜਾ ਰਿਹਾ ਹੈ ਕਿ ਭਾਜਪਾ ਨਾਲੋਂ ਗੱਠਜੋੜ ਤੋੜਨ ਦੀ ਪਹਿਲ ਅਕਾਲੀ ਦਲ ਨੇ ਕੀਤੀ ਸੀ। ਸੂਤਰ ਆਖਦੇ ਹਨ ਕਿ ਜਦੋਂ ਕਦੇ ਗੱਠਜੋੜ ਦੀ ਮੁੜ ਗੱਲ ਚੱਲੇਗੀ, ਤਾਂ ਭਾਜਪਾ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਵਜ਼ਨ ਵੀ ਤੋਲੇਗੀ। ਚੇਤੇ ਰਹੇ ਕਿ ਪਿਛਲੇ ਸਮੇਂ ਦੌਰਾਨ ਭਾਜਪਾ ਵਿਚ ਵੱਡੇ ਕਾਂਗਰਸੀ ਚਿਹਰੇ ਵੀ ਸ਼ਾਮਲ ਹੋਏ ਹਨ, ਜੋ ਅੰਦਰੋਂ ਕਦੇ ਨਹੀਂ ਚਾਹੁਣਗੇ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋਵੇ। ਕਾਂਗਰਸ ਤੋਂ ਭਾਜਪਾਈ ਬਣੇ ਆਗੂਆਂ ਨੂੰ ਗੱਠਜੋੜ ਹੋਣ ਦੀ ਸੂਰਤ ਵਿਚ ਆਪਣੀ ਭਵਿੱਖ ਦੀ ਉਮੀਦਵਾਰੀ ਖ਼ਤਰੇ ਵਿਚ ਪੈਂਦੀ ਨਜ਼ਰ ਆਵੇਗੀ। ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਆਖ ਚੁੱਕੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਗੱਠਜੋੜ ਨਹੀਂ ਹੋਵੇਗਾ ਤੇ ਭਾਜਪਾ ਆਪਣੇ ਬਲਬੂਤੇ ਚੋਣਾਂ ਲੜੇਗੀ। ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਨੇਤਾ ਭਾਜਪਾ ਨਾਲ ਚੋਣ ਸਮਝੌਤਾ ਹੋਣ ਦੀ ਕਾਹਲ ਵਿਚ ਵੀ ਜਾਪਦੇ ਹਨ। ਸਿਆਸੀ ਹਲਕੇ ਆਖਦੇ ਹਨ ਕਿ ਕੌਮੀ ਪੱਧਰ ‘ਤੇ ਭਾਜਪਾ ਚੜ੍ਹਤ ਵਿਚ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨਿਵਾਣ ‘ਚੋਂ ਉੱਭਰ ਨਹੀਂ ਰਿਹਾ ਹੈ। ਭਾਜਪਾ ਨੇ ਜਲੰਧਰ ਜ਼ਿਮਨੀ ਚੋਣ ‘ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ, ਜਿਸ ਦੇ ਨਤੀਜੇ ਸੰਭਾਵੀ ਗੱਠਜੋੜ ਦਾ ਭਵਿੱਖ ਤੈਅ ਕਰਨਗੇ। ਸੰਗਰੂਰ ਦੀ ਜ਼ਿਮਨੀ ਚੋਣ ਵਿਚ ਭਾਜਪਾ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਲੋਂ ਵੱਧ ਵੋਟ ਹਾਸਲ ਕੀਤੀ ਸੀ। ਸਿਆਸੀ ਵਿਸ਼ਲੇਸ਼ਕ ਆਖਦੇ ਹਨ ਕਿ ਕਿਸੇ ਮੋੜ ‘ਤੇ ਗੱਠਜੋੜ ਹੋਣ ਦਾ ਮਾਹੌਲ ਬਣਿਆ ਤਾਂ ਭਾਜਪਾ ਪੱਲੜਾ ਭਾਰੀ ਰੱਖੇਗੀ।
ਕੌਮੀ ਪੱਧਰ ‘ਤੇ ਸਿਆਸੀ ਮੁਹਾਜ਼ ਬਣਨ ਨਾਲ ਭਾਜਪਾ ਬਦਲ ਸਕਦੀ ਹੈ ਪੈਂਤੜਾ
ਭਾਜਪਾ ਲਈ ਅਗਲੀਆਂ ਲੋਕ ਸਭਾ ਚੋਣਾਂ 2024 ਅਹਿਮ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਸੂਬਾਈ ਚੋਣਾਂ ਵਿਚ ਕਾਰਗੁਜ਼ਾਰੀ ਵੀ ਕਾਫ਼ੀ ਕੁਝ ਤੈਅ ਕਰੇਗੀ। ਕੌਮੀ ਪੱਧਰ ‘ਤੇ ਭਾਜਪਾ ਖ਼ਿਲਾਫ਼ ਕੋਈ ਮਜ਼ਬੂਤ ਸਿਆਸੀ ਮੁਹਾਜ਼ ਬਣਦਾ ਹੈ, ਤਾਂ ਭਾਜਪਾ ਦਾ ਪੈਂਤੜਾ ਵੱਖਰੀ ਕਿਸਮ ਦਾ ਹੋਵੇਗਾ। ਉਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਕਿਸ ਤਰ੍ਹਾਂ ਦਾ ਮੁਹਾਂਦਰਾ ਹੋਵੇਗਾ, ਉਸ ਨੂੰ ਵੀ ਦੇਖ ਕੇ ਭਾਜਪਾ ਕੋਈ ਫ਼ੈਸਲਾ ਕਰੇਗੀ। ਫ਼ਿਲਹਾਲ ਭਾਜਪਾ ਨੂੰ ਦਿਹਾਤੀ ਪੰਜਾਬ ‘ਚ ਕੋਈ ਹੁੰਗਾਰਾ ਮਿਲਣਾ ਮੁਸ਼ਕਲ ਜਾਪਦਾ ਹੈ ਅਤੇ ਅਕਾਲੀ ਦਲ ਮੁੜ ਉੱਭਰਨ ਦੀ ਜੱਦੋ-ਜਹਿਦ ਵਿਚ ਹੀ ਹੈ। ਆਉਂਦੇ ਦਿਨਾਂ ਵਿਚ ਸਭਨਾਂ ਸਿਆਸੀ ਹਲਕਿਆਂ ਦੀ ਨਜ਼ਰ ਸ਼੍ਰੋਮਣੀ ਅਕਾਲੀ ਦਲ ‘ਤੇ ਰਹੇਗੀ।

Leave a comment