#PUNJAB

ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਗੱਠਜੋੜ ਹੋਣ ਦੀ ਸੰਭਾਵਨਾ ਦੀ ਮੁੜ ਛਿੜੀ ਚਰਚਾ

* ਜ਼ਿਮਨੀ ਚੋਣ ਦੇ ਨਤੀਜੇ ਮਗਰੋਂ ਅਟਕਲਾਂ ਤੇਜ਼ ਹੋਈਆਂ
* ਭਾਜਪਾ ਪੇਂਡੂ ਤੇ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਖੇਤਰ ‘ਚ ਰਿਹਾ ਕਮਜ਼ੋਰ
ਚੰਡੀਗੜ੍ਹ, 17 ਮਈ (ਪੰਜਾਬ ਮੇਲ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਠਜੋੜ ਹੋਣ ਦੀ ਸੰਭਾਵਨਾ ਦੀ ਮੁੜ ਚਰਚਾ ਛਿੜੀ ਹੈ। ਜਲੰਧਰ ਚੋਣ ‘ਚ ਦੋਵਾਂ ਧਿਰਾਂ ਨੂੰ ਮਿਲੀ ਹਾਰ ਪਿੱਛੋਂ ਸਿਆਸੀ ਹਲਕਿਆਂ ‘ਚ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਐਤਵਾਰ ਪੂਰਾ ਦਿਨ ਅਟਕਲਾਂ ਤੇਜ਼ ਰਹੀਆਂ ਕਿ ਜਲੰਧਰ ਚੋਣ ਦੇ ਨਤੀਜੇ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਕੋਲ ਹੁਣ ਗੱਠਜੋੜ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ 1996 ਵਿਚ ਭਾਜਪਾ ਨਾਲ ਬਿਨਾਂ ਸ਼ਰਤ ਗੱਠਜੋੜ ਕੀਤਾ ਸੀ। ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ।
ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਕਾਫ਼ੀ ਅਰਸੇ ਬਾਅਦ ਵੱਖੋ-ਵੱਖ ਲੜੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਅਤੇ ਭਾਜਪਾ ਦੇ ਦੋ ਉਮੀਦਵਾਰ ਚੋਣ ਜਿੱਤ ਸਕੇ ਸਨ। ਉਸ ਮਗਰੋਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਵਿਚ ਪਾਰਟੀ ਨੂੰ ਆਜ਼ਾਦਾਨਾ ਤੌਰ ‘ਤੇ ਖੜ੍ਹਾ ਕਰਨ ਲਈ ਪੂਰਾ ਤਾਣ ਲਾਉਣਾ ਸ਼ੁਰੂ ਕਰ ਦਿੱਤਾ। ਭਾਜਪਾ ਨੇ ਕਾਫ਼ੀ ਸਿੱਖ ਚਿਹਰਿਆਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਅਤੇ ਕਾਂਗਰਸ ਦੇ ਕਈ ਸਾਬਕਾ ਵਜ਼ੀਰਾਂ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ।
ਭਾਜਪਾ ਜਲੰਧਰ ਚੋਣ ਵਿਚ ਚੌਥੇ ਨੰਬਰ ‘ਤੇ ਆਈ ਹੈ ਪਰ ਉਂਜ ਭਾਜਪਾ ਨੇ ਜਲੰਧਰ ਕੇਂਦਰੀ ਅਤੇ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਵਿਚ ਲੀਡ ਲਈ ਹੈ, ਜਿੱਥੇ ਪਾਰਟੀ ਨੂੰ ਧਰਵਾਸ ਬੱਝ ਰਿਹਾ ਹੈ। ਭਾਜਪਾ ਨੇ ਕੁੱਲ 1,34,800 ਵੋਟਾਂ ਹਾਸਲ ਕੀਤੀਆਂ ਹਨ, ਇਨ੍ਹਾਂ ‘ਚੋਂ 28.40 ਫ਼ੀਸਦੀ ਵੋਟਾਂ ਪਿੰਡਾਂ ‘ਚੋਂ ਪਈਆਂ ਹਨ। ਪੰਜ ਪੇਂਡੂ ਹਲਕਿਆਂ ਵਿਚ ਭਾਜਪਾ ਨੂੰ ਢੁੱਕਵਾਂ ਹੁੰਗਾਰਾ ਨਹੀਂ ਮਿਲਿਆ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਕੁੱਲ 1,58,445 ਵੋਟਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ‘ਚੋਂ 20.14 ਫ਼ੀਸਦੀ ਵੋਟਾਂ ਸ਼ਹਿਰੀ ਖੇਤਰ ਦੀਆਂ ਹਨ।
ਇਕ ਗੱਲ ਨਿੱਤਰ ਕੇ ਸਾਹਮਣੇ ਆ ਗਈ ਹੈ ਕਿ ਭਾਜਪਾ ਪੇਂਡੂ ਖੇਤਰਾਂ ਵਿਚ ਆਪਣੇ ਪੈਰ ਨਹੀਂ ਜਮਾ ਸਕੀ ਹੈ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਖੇਤਰ ਵਿਚ ਆਧਾਰ ਬਣਾਉਣ ਵਿਚ ਅਸਫ਼ਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਤਾਂ ਆਪਣੀ ਰਵਾਇਤੀ ਗੜ੍ਹ ਵਾਲੇ ਜਲੰਧਰ ਕੈਂਟ ਤੇ ਸ਼ਾਹਕੋਟ ਸੀਟ ‘ਤੇ ਵੀ ਦਬਦਬਾ ਕਾਇਮ ਨਹੀਂ ਰੱਖ ਸਕਿਆ ਹੈ। ਜਲੰਧਰ ਕੈਂਟ ਹਲਕੇ ਤੋਂ ਤਾਂ ਸ਼੍ਰੋਮਣੀ ਅਕਾਲੀ ਦਲ ਕੋਲ ਕੋਈ ਆਗੂ ਹੀ ਨਹੀਂ ਸੀ।
ਸਿਆਸੀ ਮਾਹਿਰ ਆਖਦੇ ਹਨ ਕਿ ਜਲੰਧਰ ਚੋਣ ਦੇ ਨਤੀਜੇ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਜ਼ਮੀਨੀ ਹਕੀਕਤ ਦਿਖਾ ਦਿੱਤੀ ਹੈ। ਇਸ ਤਰ੍ਹਾਂ ਦੇ ਹਾਲਾਤ ਤੋਂ ਇਹ ਚੁੰਝ ਚਰਚਾ ਸ਼ੁਰੂ ਹੋ ਗਈ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਇਕ-ਦੂਜੇ ਦੇ ਨੇੜੇ ਆਉਣ ਦਾ ਆਧਾਰ ਇਨ੍ਹਾਂ ਚੋਣ ਨਤੀਜਿਆਂ ਨੇ ਤਿਆਰ ਕਰ ਦਿੱਤਾ ਹੈ। ਪਿਛਲੇ ਦਿਨਾਂ ਵਿਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਚੰਡੀਗੜ੍ਹ ਵਿਖੇ ਸ਼ਰਧਾਂਜਲੀ ਦੇਣ ਪਹੁੰਚੇ ਤਾਂ ਉਦੋਂ ਵੀ ਇਸ ਦੇ ਸਿਆਸੀ ਮਾਅਨੇ ਕੱਢੇ ਗਏ ਸਨ। ਜਲੰਧਰ ਦੇ ਨਤੀਜਿਆਂ ਮਗਰੋਂ ਸਿਆਸੀ ਹਾਲਾਤ ਨੇ ਮੋੜਾ ਕੱਟਿਆ ਹੈ।

Leave a comment