#AMERICA

ਸ਼ਟਡਾਊਨ ਖਤਮ ਕਰਵਾਉਣ ਲਈ ਡੈਮੋਕ੍ਰੇਟਸ ਦੇ ਦਬਾਅ ਅੱਗੇ ਨਹੀਂ ਝੁਕਾਂਗਾ : ਟਰੰਪ

ਵਾਸ਼ਿੰਗਟਨ, 4 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਜਾਰੀ ‘ਸ਼ਟਡਾਊਨ’ ਦੇ ਵਿਚਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਸਰਕਾਰੀ ਵਿਭਾਗਾਂ ‘ਚ ਕੰਮਕਾਜ ਨੂੰ ਮੁੜ ਚਾਲੂ ਕਰਵਾਉਣ ਲਈ ਡੈਮੋਕ੍ਰੇਟਸ ਦੇ ‘ਦਬਾਅ ਅੱਗੇ ਨਹੀਂ ਝੁਕਣਗੇ’।
ਟਰੰਪ ਨੇ ਸਪੱਸ਼ਟ ਕੀਤਾ ਕਿ ਸਰਕਾਰੀ ‘ਸ਼ਟਡਾਊਨ’ (ਸਰਕਾਰੀ ਕਾਰਜਾਂ ਲਈ ਫੰਡਾਂ ਦੀ ਘਾਟ) ਨੂੰ ਜਲਦ ਹੀ 6ਵਾਂ ਹਫ਼ਤਾ ਸ਼ੁਰੂ ਹੋਣ ਦੇ ਬਾਵਜੂਦ ਉਨ੍ਹਾਂ ਦੀ ਗੱਲਬਾਤ ਕਰਨ ਦੀ ਕੋਈ ਯੋਜਨਾ ਨਹੀਂ ਹੈ। ਰਾਸ਼ਟਰਪਤੀ ਨੇ ਐਤਵਾਰ ਨੂੰ ਪ੍ਰਸਾਰਿਤ ਇਕ ਪ੍ਰੋਗਰਾਮ ‘ਚ ਕਿਹਾ ਕਿ ਸਿਹਤ ਸੰਭਾਲ ਸਬਸਿਡੀ ‘ਚ ਵਿਸਥਾਰ ਦੀ ਮੰਗ ਕਰ ਰਹੇ ਡੈਮੋਕ੍ਰੇਟਸ ਆਪਣਾ ਰਸਤਾ ਭਟਕ ਚੁੱਕੇ ਹਨ। ਉਨ੍ਹਾਂ ਭਵਿੱਖਬਾਣੀ ਕੀਤੀ ਕਿ ਡੈਮੋਕ੍ਰੇਟਿਕ ਨੇਤਾ ਅੰਤ ‘ਚ ਰਿਪਬਲੀਕਨ ਨੇਤਾਵਾਂ ਅੱਗੇ ਝੁਕ ਜਾਣਗੇ।
ਰਿਪਬਲੀਕਨ ਨੇਤਾਵਾਂ ਨੇ ਕਿਹਾ ਹੈ ਕਿ ਜਦੋਂ ਤੱਕ ਡੈਮੋਕ੍ਰੇਟਸ ਸਰਕਾਰ ਨੂੰ ਮੁੜ ਖੋਲ੍ਹਣ ਲਈ ਵੋਟਿੰਗ ਨਹੀਂ ਕਰਦੇ, ਉਦੋਂ ਤੱਕ ਉਹ ਗੱਲਬਾਤ ਨਹੀਂ ਕਰਨਗੇ। ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਵੋਟਿੰਗ ਕਰਨੀ ਪਵੇਗੀ। ਜੇਕਰ ਉਹ ਵੋਟਿੰਗ ਨਹੀਂ ਕਰਦੇ, ਤਾਂ ਇਹ ਉਨ੍ਹਾਂ ਦੀ ਸਮੱਸਿਆ ਹੈ। ਟਰੰਪ ਦੀਆਂ ਟਿੱਪਣੀਆਂ ਤੋਂ ਸੰਕੇਤ ਮਿਲਦਾ ਹੈ ਕਿ ‘ਸ਼ਟਡਾਊਨ’ ਕੁਝ ਸਮੇਂ ਤੱਕ ਜਾਰੀ ਰਹਿ ਸਕਦਾ ਹੈ।