#PUNJAB

ਸਵਤੰਤਰਤਾ ਸੰਗਰਾਮੀ ਨਿਰੰਜਣ ਸਿੰਘ ਮਿੱਠਾ ਸਵਰਗਵਾਸ

ਪਟਿਆਲਾ, 7 ਅਕਤੂਬਰ (ਪੰਜਾਬ ਮੇਲ)- ਜ਼ਿਲ੍ਹਾ ਲੋਕ ਸੰਪਰਕ ਵਿਭਾਗ ਪਟਿਆਲਾ ਦੇ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੈੱਲਫੇਅਰ ਐਸੋਸੀਏਸ਼ਨ ਨੇ ਇਕ ਹੰਗਾਮੀ ਮੀਟਿੰਗ ਵਿਚ ਨਿਰੰਜਣ ਸਿੰਘ ਮਿੱਠਾ ਸਵਤੰਤਰਤਾ ਸੰਗਰਾਮੀ ਅਤੇ ਪੱਤਰਕਾਰ ਦੇ ਸਵਰਗਵਾਸ ਹੋਣ ‘ਤੇ ਅਫਸੋਸ ਦਾ ਪ੍ਰਗਟਾਵਾ ਕੀਤਾ। ਉਜਾਗਰ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਨੇ ਸ਼ਰਧਾਂਜ਼ਲੀ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦੇਸ਼ ਦੀ ਆਜ਼ਾਦੀ ਅਤੇ ਪੱਤਰਕਾਰਤਾ ਵਿਚ ਪਾਏ ਯੋਗਦਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਲੋਕ ਸੰਪਰਕ ਵਿਭਾਗ ਪੰਜਾਬ ਵਿਚ ਰਹਿੰਦਿਆਂ ਉਨ੍ਹਾਂ ਵਿਭਾਗ ਦੇ ਰਸਾਲਿਆਂ ਜਾਗ੍ਰਤੀ ਪੰਜਾਬੀ ਅਤੇ ਐਡਵਾਂਸ ਅੰਗਰੇਜ਼ੀ ਦੀ ਸੰਪਾਦਨੀ ਕੀਤੀ ਸੀ। ਉਹ ਬਹੁਤ ਸਾਰੇ ਅਖ਼ਬਾਰਾਂ ਅਤੇ ਰਸਾਲਿਆਂ ਦੇ ਸੰਪਾਦਕ ਵੀ ਰਹੇ। ਉਹ ਨੌਜਵਾਨ ਪੱਤਰਕਾਰਾਂ ਲਈ ਮਾਰਗ ਦਰਸ਼ਕ ਸਾਬਤ ਹੋਣਗੇ। ਨਿਰੰਜਣ ਸਿੰਘ ਮਿੱਠਾ ਅੱਜ ਇੰਗਲੈਂਡ ਵਿਖੇ ਸਵਰਗਵਾਸ ਹੋ ਗਏ ਹਨ। ਉਹ 96 ਸਾਲਾਂ ਦੇ ਸਨ। ਉਹ 1975 ਤੋਂ 1981 ਤੱਕ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਰਹੇ ਸਨ। ਇਸ ਤੋਂ ਪਹਿਲਾਂ ਉਹ ਲੋਕ ਸੰਪਰਕ ਵਿਭਾਗ ਪੰਜਾਬ ‘ਚ ਡਿਪਟੀ ਡਾਇਰੈਕਟਰ ਅਤੇ ਪੰਜਾਬ ਰਾਜ ਬਿਜਲੀ ਬੋਰਡ ਵਿਚ ਡਾਇਰੈਕਟਰ ਲੋਕ ਸੰਪਰਕ ਸਨ। ਉਨ੍ਹਾਂ ਨੇ ਇਕ ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ ਸਨ। ਉਹ ਇਕ ਨਾਟਕਕਾਰ ਦੇ ਤੌਰ ‘ਤੇ ਵੀ ਜਾਣੇ ਜਾਂਦੇ ਸਨ। ਉਹ ਆਪਣੇ ਪਿੱਤੇ ਪਤਨੀ ਅਤੇ ਇਕ ਬੇਟਾ ਛੱਡ ਗਏ ਹਨ।

 

Leave a comment