#CANADA

ਸਰੀ ਮੈਮੋਰੀਅਲ ਹਸਪਤਾਲ ਵਿਚ ਐਮਰਜੈਂਸੀ ਸੇਵਾਵਾਂ ਦਾ ਬੁਰਾ ਹਾਲ

ਦਰਜਨਾਂ ਡਾਕਟਰਾਂ ਨੇ ਐਮਰਜੈਂਸੀ ਸੇਵਾਵਾਂ ਵਿਚ ਦਰਪੇਸ਼ ਕਮੀਆਂ ਦਾ ਕੀਤਾ ਪਰਦਾਫਾਸ਼
ਸਰੀ, 18 ਮਈ (ਹਰਦਮ ਮਾਨ/ਪੰਜਾਬ ਮੇਲ)-ਸਰੀ ਮੈਮੋਰੀਅਲ ਹਸਪਤਾਲ ਦੇ ਐਮਰਜੈਂਸੀ ਰੂਮ ਦੇ ਦਰਜਨਾਂ ਡਾਕਟਰਾਂ ਨੇ ਐਮਰਜੈਂਸੀ ਸੇਵਾਵਾਂ ਵਿਚ ਦਰਪੇਸ਼ ਕਮੀਆਂ ਦਾ ਪਰਦਾਫਾਸ਼ ਕਰਦਿਆਂ ਇੱਕ ਖੁੱਲ੍ਹਾ ਪੱਤਰ ਜਨਤਕ ਕੀਤਾ ਹੈ ਜਿਸ ਵਿਚ ਡਾਕਟਰਾਂ ਨੇ ਮੁੱਖ ਤੌਰ ‘ਤੇ ਬਿਸਤਰਿਆਂ ਦੀ ਘਾਟ, ਡਾਕਟਰਾਂ ਦੀ ਕਮੀ ਅਤੇ ਚੁਣੇ ਹੋਏ ਆਗੂਆਂ ਵੱਲੋਂ ਸਮੱਸਿਆ ਦਾ ਕੋਈ ਵੀ ਸਾਰਥਕ ਹੱਲ ਨਾ ਪ੍ਰਦਾਨ ਕਰਨ ਦੇ ਮੁੱਦੇ ਉਠਾਏ ਹਨ।
ਡਾਕਟਰਾਂ ਅਨੁਸਾਰ ਬਿਸਤਿਰਆਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਸਹੀ ਵਾਰਡ ਦੀ ਬਜਾਏ ਐਮਰਜੈਂਸੀ ਰੂਮ ਵਿੱਚ ਹੀ ਉਡੀਕ ਕਰਨ ਅਤੇ ਨਰਸਿੰਗ ਸਹਾਇਤਾ ਲਈ ਛੱਡਣਾ ਪੈਂਦਾ ਹੈ ਅਤੇ ਇਸ ਤਰ੍ਹਾਂ ਇਹ ਬੈੱਡ-ਬਲਾਕ ਡਾਕਟਰਾਂ ਨੂੰ ਹਾਲਵੇਅ ਵਿੱਚ ਹੀ ਸਟ੍ਰੋਕ, ਦਿਲ ਦੇ ਦੌਰੇ, ਟਰੋਮਾ, ਗਰਭਪਾਤ ਅਤੇ ਦਰਦਨਾਕ ਮਰੀਜ਼ਾਂ ਦਾ ਨਿਯਮਿਤ ਤੌਰ ‘ਤੇ ਇਲਾਜ ਕਰਨ ਲਈ ਮਜਬੂਰ ਹੋਣਾਪੈ ਰਿਹਾ ਹੈ। ਡਾਕਟਰ ਵੇਟਿੰਗ ਰੂਮਾਂ, ਗਲਿਆਰਿਆਂ ਅਤੇ ਅਣ-ਨਿਗਰਾਨੀ ਵਾਲੇ ਇਲਾਜ ਖੇਤਰਾਂ ਵਿੱਚ ਕਮਜ਼ੋਰ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਮਜਬੂਰ ਹਨ ਜੋ ਕਿ ਪੂਰੀ ਤਰ੍ਹਾਂ ਅਸਵੀਕਾਰਨਯੋਗ ਸਥਿਤੀ ਹੈ ਅਤੇ ਦਿਨੋ ਦਿਨ ਵਿਗੜਦੀ ਜਾ ਰਹੀ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਫਰੇਜ਼ਰ ਹੈਲਥ ਨੂੰ ਐਮਰਜੈਂਸੀ ਰੂਮ ਤੋਂ ਹਸਪਤਾਲ ਦੇ ਵਾਰਡਾਂ ਵਿੱਚ ਮਰੀਜ਼ਾਂ ਨੂੰ ਦਾਖਲ ਕਰਨ ਵਾਲੇ ਡਾਕਟਰਾਂ ਦੀ ਬਹੁਤ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਘਾਟ ਕਾਰਨ ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਤੋਂ ਬਿਨਾਂ ਕਈ ਕਈ ਦਿਨ ਉਡੀਕ ਕਰਨੀ ਪੈਂਦੀ ਹੈ ਅਤੇ ਕੁਝ ਮਰੀਜ਼ ਐਮਰਜੈਂਸੀ ਸਹਾਇਤਾ ਦੀ ਉਡੀਕ ਕਰਦੇ ਕਰਦੇ ਹੀ ਮਰ ਚੁੱਕੇ ਹਨ। ਜੇਕਰ ਹਸਪਤਾਲ ਦੇ ਡਾਕਟਰ ਸਮੇਂ ਸਿਰ ਮਰੀਜ਼ਾਂ ਨੂੰ ਦੇਖਣ ਲਈ ਉਪਲਬਧ ਹੁੰਦੇ ਤਾਂ ਇਹਨਾਂ ਵਿੱਚੋਂ ਕੁਝ ਭਿਆਨਕ ਨਤੀਜਿਆਂ ਨੂੰ ਰੋਕਿਆ ਜਾ ਸਕਦਾ ਸੀ।
ਡਾਕਟਰਾਂ ਨੇ ਇਹ ਵੀ ਕਿਹਾ ਹੈ ਕਿ ਬੀ.ਸੀ. ਦੇ ਚੁਣੇ ਹੋਏ ਅਧਿਕਾਰੀ ਜ਼ਮੀਨੀ ਤੌਰ ‘ਤੇ ਡਾਕਟਰਾਂ ਲਈ ਰੋਜ਼ਾਨਾ ਦੀ ਹਕੀਕਤ ਨੂੰ ਬਦਲਣ ਲਈ ਕੋਈ ਸਾਰਥਕ ਹੱਲ ਪ੍ਰਦਾਨ ਕਰਨ ਵਿੱਚ ਅਸਫਲ ਰਹੇ ਹਨ ਜਦੋਂ ਕਿ 2022 ਵਿੱਚ ਹਸਪਤਾਲ ਵਿਚਲੀਆਂ ਕਮੀਆਂ ਦੀ ਭਵਿੱਖਬਾਣੀ ਕਰ ਦਿੱਤੀ ਗਈ ਸੀ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਡਾਕਟਰਾਂ ਵੱਲੋਂ ਆਪਣੇ ਖੇਤਰੀ ਅਤੇ ਸੂਬਾਈ ਨੇਤਾਵਾਂ ਨੂੰ ਵਾਰ-ਵਾਰ ਸੂਚਿਤ ਕੀਤਾ ਜਾਂਦਾ ਰਿਹਾ ਹੈ ਪਰ ਡਾਕਟਰਾਂ ਦੀਆਂ ਚਿਤਾਵਨੀਆਂ ਨੂੰ ਨਾ ਸਿਰਫ ਨਜ਼ਰਅੰਦਾਜ਼ ਕੀਤਾ ਗਿਆ ਸਗੋਂ ਫ੍ਰੇਜ਼ਰ ਹੈਲਥ ਵੱਲੋਂ ਐਮਰਜੈਂਸੀ ਰੂਮ ਦੇ ਡਾਕਟਰਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਜਨਤਾ ਨਾਲ ਹਸਪਤਾਲਾਂ ਦੀਆਂ ਚੁਣੌਤੀਆਂ, ਕਮੀਆਂ ਬਾਰੇ ਖੁੱਲ੍ਹ ਕੇ ਚਰਚਾ ਨਾ ਕਰਨ।

Leave a comment