ਸਰੀ, 27 ਮਾਰਚ (ਹਰਦਮ ਮਾਨ/ਪੰਜਾਬ ਮੇਲ)- ਕੈਨੇਡੀਅਨ ਲੇਖਿਕਾ ਹਰਕੀਰਤ ਕੌਰ ਚਾਹਲ ਦਾ ਨਵਾਂ ਨਾਵਲ ‘ਚੰਨਣ ਰੁੱਖ’ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ-ਚਰਚਾ ਕਰਨ ਲਈ ਇੰਪਾਇਰ ਬੈਂਕੁਇਟ ਹਾਲ ਸਰੀ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਨਾਮਵਰ ਸਾਹਿਤਕਾਰ ਡਾ. ਸਾਧੂ ਸਿੰਘ, ਡਾ. ਸਾਧੂ ਬਿੰਨਿੰਗ, ਕਵਿੰਦਰ ਚਾਂਦ, ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਹਰਕੀਰਤ ਕੌਰ ਚਾਹਲ, ਪਰਮਜੀਤ ਦਿਓਲ (ਟੋਰਾਂਟੋ) ਅਤੇ ਕਹਾਣੀਕਾਰਾ ਪਰਵੇਜ਼ ਸੰਧੂ ਨੇ ਕੀਤੀ।
ਮੰਚ ਦਾ ਸੰਚਾਲਨ ਸੰਭਾਲਦਿਆਂ ਡਾ. ਰਮਿੰਦਰ ਕੰਗ ਨੇ ਹਰਕੀਰਤ ਚਾਹਲ ਦੇ ਸਾਹਿਤਕ ਸਫਰ ਬਾਰੇ ਸੰਖੇਪ ਵਿਚ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਹਰਕੀਰਤ ਕੌਰ ਚਾਹਲ ਨੇ ਕਵਿਤਾ ਰਾਹੀਂ ਸਾਹਿਤ ‘ਚ ਪ੍ਰਵੇਸ਼ ਕੀਤਾ, ਫਿਰ ਕਹਾਣੀਆਂ ਦੀ ਇਕ ਕਿਤਾਬ ਪ੍ਰਕਾਸ਼ਿਤ ਹੋਈ। ਕਹਾਣੀ ਤੋਂ ਬਾਅਦ ਨਾਵਲ ਖੇਤਰ ‘ਚ ਪੈਰ ਧਰਿਆ ਅਤੇ ਹੁਣ ਤੱਕ ਉਸ ਦੇ ਚਾਰ ਨਾਵਲ ‘ਤੇਰੇ ਬਾਝੋਂ’, ‘ਥੋਹਰਾਂ ਦੇ ਫੁੱਲ’, ‘ਆਦਮ ਗ੍ਰਹਿਣ’ ਅਤੇ ‘ਚੰਨਣ ਰੁੱਖ’ ਪ੍ਰਕਾਸ਼ਿਤ ਹੋ ਚੁੱਕੇ ਹਨ। ਨਾਵਲ ‘ਆਦਮ ਗ੍ਰਹਿਣ’ ਲਈ ਉਸ ਨੂੰ ਢਾਹਾਂ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਨਾਵਲ ‘ਤੇ ਪਹਿਲਾ ਪਰਚਾ ਹਰਚੰਦ ਸਿੰਘ ਬਾਗੜੀ ਵੱਲੋਂ ਪੜ੍ਹਿਆ ਗਿਆ, ਜਿਸ ਰਾਹੀਂ ਉਨ੍ਹਾਂ ਨਾਵਲ ਦੇ ਬਿਰਤਾਂਤ ਨੂੰ ਸੰਖੇਪ ਵਿਚ ਪੇਸ਼ ਕੀਤਾ। ਦੂਜਾ ਪਰਚਾ ਪ੍ਰਸਿੱਧ ਲੇਖਿਕਾ ਇੰਦਰਜੀਤ ਕੌਰ ਸਿੱਧੂ ਵੱਲੋਂ ਪੜ੍ਹਿਆ ਗਿਆ। ਉਨ੍ਹਾਂ ਇਸ ਨਾਵਲ ਨੂੰ ਪੰਜਾਬੀ ਦਾ ਇਨਸਾਈਕਲੋਪੀਡੀਆ ਦੱਸਦਿਆਂ ਕਿਹਾ ਕਿ ਹਰਕੀਰਤ ਚਾਹਲ ਨੇ ਇਸ ਨਾਵਲ ਰਾਹੀਂ ਮਾਲਵੇ ਦੀ ਮਹਿਕ ਨਾਲ ਪੰਜਾਬੀ ਸਾਹਿਤ ਨੂੰ ਸਰਸ਼ਾਰ ਕਰ ਦਿੱਤਾ ਹੈ। ਡਾ. ਗੁਰਬਾਜ ਸਿੰਘ ਬਰਾੜ ਨੇ ਨਾਵਲ ਬਾਰੇ ਵਿਚਾਰ ਕਰਦਿਆਂ ਕਿਹਾ ਕਿ ਇਸ ਵਿਚ ਭਾਸ਼ਾਈ ਸੋਝ ਦਾ ਖੂਬਸੂਰਤ ਬਿਰਤਾਂਤ ਹੈ ਅਤੇ ਇਸ ਦੇ ਮੁੱਖ ਪਾਤਰ ਮਾਨਵਤਾ ਨੂੰ ਪ੍ਰਣਾਏ ਹੋਏ ਹਨ। ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਨੇ ਕਿਹਾ ਕਿ ‘ਚੰਨਣ ਰੁੱਖ’ ਨਾਵਲ ਦੀ ਸਾਰਥਿਕਤਾ ਇਹ ਹੈ ਕਿ ਇਸ ਰਾਹੀਂ ਇਨਸਾਨੀ ਤਹਿਆਂ ‘ਚ ਛੁਪਿਆ ਸੱਚ ਹਰਕੀਰਤ ਨੇ ਪਾਠਕਾਂ ਦੇ ਸਨਮੁੱਖ ਲਿਆਂਦਾ ਹੈ। ਸਥਾਨਿਕ ਰਹਿਤਲ ਦੀ ਖੂਬਸੂਰਤ ਪੇਸ਼ਕਾਰੀ ਦੇ ਨਾਲ-ਨਾਲ ਇਹ ਨਾਵਲ ਅੱਜ ਦੇ ਜਗਤ ਪਾਸਾਰੇ ਦੇ ਕੁਝ ਸਵਾਲ ਵੀ ਸਮਾਜ ਅੱਗੇ ਖੜ੍ਹੇ ਕਰਦਾ ਹੈ।
ਨਾਵਲ ਉੱਪਰ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਡਾ. ਸਾਧੂ ਸਿੰਘ, ਡਾ. ਸਾਧੂ ਬਿਨਿੰਗ, ਸੁਰਿੰਦਰ ਚਾਹਲ, ਕਵਿੰਦਰ ਚਾਂਦ, ਪਰਮਜੀਤ ਦਿਓਲ, ਨਵਜੋਤ ਢਿੱਲੋਂ, ਡਾ. ਜਸਬੀਰ ਰੋਮਾਣਾ, ਡਾ. ਪਰਗਟ ਸਿੰਘ ਭੁਰਜੀ, ਪਰਵੇਜ਼ ਸੰਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਹਰਕੀਰਤ ਕੌਰ ਚਾਹਲ ਨੂੰ ਮੁਬਾਰਬਾਦ ਦਿੱਤੀ। ਅੰਤ ਵਿਚ ਸਮਾਗਮ ਵਿਚ ਹਾਜ਼ਰ ਵਿਦਵਾਨਾਂ, ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਨਾਵਲ ਦੀ ਲੇਖਿਕਾ ਹਰਕੀਰਤ ਕੌਰ ਚਾਹਲ ਨੇ ਦੱਸਿਆ ਕਿ ਇਸ ਨਾਵਲ ਰਾਹੀਂ ਉਨ੍ਹਾਂ ਕੈਨੇਡੀਅਨ ਜ਼ਿੰਦਗੀ ਵਿਚ ਦਰਪੇਸ਼ ਔਕੜਾਂ, ਸਮਾਜਿਕ ਵਰਤਾਰੇ, ਦੁਬਿਧਾ, ਦਵੰਦ, ਸੰਸੇ-ਝੋਰੇ ਅਤੇ ਜ਼ਿੰਦਗੀ ਚੰਗੇ-ਮਾੜੇ ਪੱਖਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਸ ਸਮਾਗਮ ‘ਚ ਡਾ. ਕੁਲਦੀਪ ਸਿੰਘ ਚਾਹਲ, ਡਾ. ਪਿਰਥੀਪਾਲ ਸਿੰਘ ਸੋਹੀ, ਪ੍ਰੋ. ਹਰਿੰਦਰ ਕੌਰ ਸੋਹੀ, ਜਰਨੈਲ ਸਿੰਘ ਆਰਟਿਸਟ, ਡਾ. ਗੁਰਮਿੰਦਰ ਸਿੱਧੂ, ਡਾ. ਬਲਦੇਵ ਖਹਿਰਾ, ਨਿੰਮੀ ਡੌਲਾ, ਸਰਬਜੀਤ ਰੋਮਾਣਾ, ਸੁਖਬੀਰ ਕੌਰ, ਬਿੰਦੂ ਮਠਾੜੂ, ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਦਵਿੰਦਰ ਗੌਤਮ, ਹਰਦਮ ਸਿੰਘ ਮਾਨ, ਸੁਖਵਿੰਦਰ ਚੋਹਲਾ, ਪਰਮਿੰਦਰ ਸਵੈਚ, ਅਮਰੀਕ ਪਲਾਹੀ, ਡਾ. ਸੁਖਵਿੰਦਰ ਵਿਰਕ, ਨਵਰੂਪ ਸਿੰਘ, ਨਿਰਮਲ ਗਿੱਲ, ਮੋਹਨ ਬਚੜਾ, ਦਵਿੰਦਰ ਕੌਰ ਬਚੜਾ ਅਤੇ ਸ਼ਹਿਰ ਦੀਆਂ ਕਈ ਹੋਰ ਅਹਿਮ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸਮੁੱਚੇ ਪ੍ਰੋਗਰਾਮ ਦੌਰਾਨ ਡਾ. ਰਮਿੰਦਰ ਕੰਗ ਦੀ ਖੂਬਸੂਰਤ ਪੇਸ਼ਕਾਰੀ ਨੇ ਸਰੋਤਿਆਂ ਨੂੰ ਬੇਹੱਦ ਟੁੰਬਿਆ।