#PUNJAB

ਸਰਬੱਤ ਦਾ ਭਲਾ ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਕਾਰਜ ਜਾਰੀ

ਪਿੰਡ ਰੁਕਨੇਵਾਲਾ ‘ਚ ਤਰਪਾਲਾਂ, ਮੱਛਰਦਾਨੀਆਂ ਤੇ ਓਡੋਮਾਸ ਦੀਆਂ ਟਿਊਬਾਂ ਵੰਡੀਆਂ
ਮੱਖੂ, 20 ਸਤੰਬਰ (ਪੰਜਾਬ ਮੇਲ)- ਜਦ ਵੀ ਕਦੇ ਲੋਕਾਂ ‘ਤੇ ਔਖੀ ਘੜੀ ਆਈ, ਤਾਂ ਉੱਘੇ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਓਬਰਾਏ ਮੁਸ਼ਕਿਲ ਅਤੇ ਲੋਕਾਂ ਵਿਚਕਾਰ ਚੱਟਾਨ ਬਣ ਕੇ ਖੜ੍ਹ ਗਏ। ਪਿਛਲੇ ਦਿਨੀਂ ਦਰਿਆਵੀ ਖੇਤਰਾਂ ਵਿਚ ਆਏ ਹੜ੍ਹਾਂ ਕਰਕੇ ਵੱਡੀ ਗਿਣਤੀ ਵਿਚ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ। ਇਸੇ ਤਰ੍ਹਾਂ ਸਤਲੁਜ ਦਰਿਆ ਦੇ ਖੇਤਰਾਂ ਵਿਚ ਵਸਦੇ ਪਿੰਡਾਂ ‘ਚ ਪਾਣੀ ਨੇ ਵੀ ਭਾਰੀ ਨੁਕਸਾਨ ਕੀਤਾ ਹੈ। ਵਿਸ਼ਵ ਪ੍ਰਸਿੱਧ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਹੜ੍ਹ ਪਭਾਵਿਤ ਇਲਾਕਿਆਂ ਵਿਚ ਰਾਹਤ ਕਾਰਜ ਆਰੰਭ ਕਰ ਦਿੱਤੇ ਸਨ। ਉਨ੍ਹਾਂ ਦੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਇਸਤਰੀ ਵਿੰਗ ਪ੍ਰਧਾਨ ਮੈਡਮ ਅਮਰਜੀਤ ਕੌਰ ਛਾਬੜਾ, ਮਖੂ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਤਲੁਜ ਦਰਿਆ ਦੇ ਨੇੜਲੇ ਪਿੰਡਾਂ ਵਿਚ ਹੜ੍ਹਾਂ ਦੀ ਭਾਰੀ ਮਾਰ ਪਈ ਹੈ ਤੇ ਇੱਥੋਂ ਦੇ ਵਸਨੀਕਾਂ ਨੂੰ ਖਾਣ-ਪੀਣ ਅਤੇ ਪਸ਼ੂਆਂ ਦੇ ਚਾਰੇ ਦੀ ਕਾਫੀ ਸਮੱਸਿਆ ਆ ਰਹੀ ਹੈ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਭਾਵਿਤ ਪਿੰਡਾਂ ਦੀ ਪਹਿਚਾਣ ਕਰਕੇ ਸੰਸਥਾ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਨਿਗਰਾਨੀ ਹੇਠ ਪਿੰਡ ਰੁਕਨੇ ਵਾਲਾ ਬੰਨ੍ਹ ਨੇੜੇ ਮਖੂ ਵਿਚ ਬਾਰਸ਼ ਤੋਂ ਬਚਾਅ ਲਈ ਤਰਪਾਲਾਂ ਅਤੇ ਮੱਛਰ ਤੋਂ ਬਚਾਅ ਲਈ ਮੱਛਰਦਾਨੀਆਂ ਤੇ ਓਡੋਮਾਸ ਦੀਆਂ ਟਿਊਬਾਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਹਾਲਾਤ ਨਾਰਮਲ ਹੋਣ ਤੋਂ ਬਾਅਦ ਹੜ੍ਹਾਂ ਕਾਰਨ ਜਿਨ੍ਹਾਂ ਲੋਕਾਂ ਦੇ ਮਕਾਨ ਢਹਿ ਗਏ ਹਨ ਜਾਂ ਜੋ ਰਹਿਣ ਦੇ ਕਾਬਲ ਨਹੀਂ ਰਹੇ, ਉਨ੍ਹਾਂ ਨੂੰ ਨਵੇਂ ਮਕਾਨ ਬਣਾ ਕੇ ਵੀ ਦਿੱਤੇ ਜਾਣਗੇ। ਇਸ ਮੌਕੇ ਮਖੂ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਜ਼ੀਰਾ ਪ੍ਰਧਾਨ ਰਣਜੀਤ ਸਿੰਘ ਰਾਏ, ਕਿਰਨ ਪੇਂਟਰ, ਮੇਜਰ ਸਿੰਘ ਥਿੰਦ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਵੀ ਮੌਜੂਦ ਸਨ।

Leave a comment