-ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ
ਐੱਸ.ਏ.ਐੱਸ. ਨਗਰ, 26 ਜੁਲਾਈ (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਲਗਾਏ ਜਾ ਰਹੇ ਮੈਡੀਕਲ ਕੈਂਪਾਂ ਵਾਸਤੇ ਇੱਕ ਐਂਬੂਲੈਂਸ ਅਤੇ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ। ਟਰੱਸਟ ਵਲੋਂ ਇਹ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਐੱਸ.ਐੱਮ.ਓ. ਡਾਕਟਰ ਚੀਮਾ ਦੇ ਸਪੁਰਦ ਕੀਤੀਆਂ ਗਈਆਂ ਅਤੇ ਇਸ ਉਪਰੰਤ ਟਰੱਸਟ ਵਲੋਂ ਡਾਕਟਰ ਸਰਜਨ ਹਰਕੀਰਤ ਕੌਰ ‘ਤੇ ਆਧਾਰਿਤ ਮੈਡੀਕਲ ਟੀਮ ਦੇ ਨਾਲ ਬਲੌਂਗੀ ਵਿਖੇ ਸਥਿਤ ਅੰਬੇਡਕਰ ਕਲੋਨੀ ਵਿਖੇ ਕੈਂਪ ਲਗਾਇਆ ਗਿਆ।
ਟਰੱਸਟ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸ. ਕਮਲਜੀਤ ਸਿੰਘ ਰੂਬੀ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ.ਪੀ. ਸਿੰਘ ਓਬਰਾਏ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਸਰਜਨ ਮੁਹਾਲੀ ਨੂੰ ਜ਼ਰੂਰੀ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਦਫਤਰ ਵੱਲੋਂ ਮੁਹਾਲੀ ਜ਼ਿਲ੍ਹੇ ਵਿਚ ਆਉਣ ਵਾਲੇ ਦਿਨਾਂ ਵਿਚ ਜਿੱਥੇ-ਜਿੱਥੇ ਵੀ ਮੈਡੀਕਲ ਕੈਂਪ ਲਗਾਏ ਜਾਣਗੇ, ਉੱਥੇ ਟਰੱਸਟ ਵੱਲੋਂ ਐਂਬੂਲੈਂਸ ਅਤੇ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ, ਤਾਂ ਕਿ ਹੜ੍ਹਾਂ ਦੇ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਲਈ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾ ਸਕਣ। ਇਸ ਮੌਕੇ ਹਰਿੰਦਰਪਾਲ ਸਿੰਘ ਹੈਰੀ, ਮੱਖਣ ਸਿੰਘ, ਹਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਫੇਜ਼ 6 ਮੁਹਾਲੀ ਸਮੇਤ ਟਰੱਸਟ ਦੀ ਟੀਮ ਨੇ ਸ਼ਮੂਲੀਅਤ ਕੀਤੀ।