ਵਾਈਸ-ਚਾਂਸਲਰ ਪ੍ਰਿਤਪਾਲ ਸਿੰਘ ਨੂੰ 5 ਲੱਖ 10 ਹਜ਼ਾਰ ਰੁਪਏ ਦਾ ਚੈੱਕ ਸੌਂਪਿਆ
ਗੱਤਕੇ ਨੂੰ ਦੁਨੀਆਂ ਭਰ ‘ਚ ਪ੍ਰਫੁਲਿਤ ਕਰਨਾ ਡਾ.ਉਬਰਾਏ ਦਾ ਸੁਪਨਾ : ਜੱਸਾ ਸਿੰਘ ਸੰਧੂ
ਪਟਿਆਲਾ, 14 ਮਈ (ਪੰਜਾਬ ਮੇਲ)-ਦੁਨੀਆ ਭਰ ‘ਚ ਰੱਬ ਦੇ ਫ਼ਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ.ਸਿੰਘ ਓਬਰਾਏ ਵੱਲੋਂ ਗਤਕੇ ਨੂੰ ਦੁਨੀਆਂ ਭਰ ‘ਚ ਪ੍ਰਮੋਟ ਕਰਨ ਲਈ ਵਿੱਢੇ ਗਏ ਕਾਰਜਾਂ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਚਲਾਏ ਜਾ ਰਹੇ ਗਤਕਾ ਕੋਰਸ ਦੇ ਵਿਦਿਆਰਥੀਆਂ ਦੀ ਸਮੁੱਚੀ ਸਲਾਨਾ ਫੀਸ ਦਾ ਚੈੱਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰਿਤਪਾਲ ਸਿੰਘ ਨੂੰ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਵੱਲੋਂ ਸੌਂਪਿਆ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਜੱਸਾ ਸਿੰਘ ਸੰਧੂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਗੱਤਕੇ ਦਾ ਕੋਰਸ ਕਰ ਰਹੇ ਵਿਦਿਆਰਥੀਆਂ ਦੀ ਸਮੁੱਚੀ ਸਲਾਨਾ ਫੀਸ ਪਿਛਲੇ ਕਈ ਸਾਲਾਂ ਤੋਂ ਟਰੱਸਟ ਵੱਲੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਇਸ ਸਾਲ ਦੀ ਫੀ਼ਸ ਜੋ ਕਿ 5 ਲੱਖ 10 ਹਜ਼ਾਰ ਰੁਪਏ ਬਣਦੀ ਸੀ, ਉਸ ਦਾ ਚੈੱਕ ਡਾ.ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਪ੍ਰਿਤਪਾਲ ਸਿੰਘ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਦਾ ਸੁਪਨਾ ਹੈ ਕਿ ਉਹ ਸਿੱਖਾਂ ਦੇ ਮਾਰਸ਼ਲ ਆਰਟ ਗਤਕੇ ਨੂੰ ਦੁਨੀਆਂ ਭਰ ‘ਚ ਪ੍ਰਫੁਲਿਤ ਕਰਨ ਅਤੇ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਡਾ.ਓਬਰਾਏ ਵੱਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ.ਬਿਲਿੰਗ, ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ.ਬੀ.ਐੱਸ.ਘੁੰਮਣ, ਗੱਤਕਾ ਕੋਚ ਬਲਵਿੰਦਰ ਸਿੰਘ ਆਦਿ ਵੀ ਮੌਜੂਦ ਸਨ।