ਸ੍ਰੀ ਮੁਕਤਸਰ ਸਾਹਿਬ, 6 ਅਕਤੂਬਰ (ਪੰਜਾਬ ਮੇਲ)- ਡਾ. ਐੱਸ.ਪੀ. ਸਿੰਘ ਓਬਰਾਏ ਜੀ ਵਲੋਂ ਮਾਨਵਤਾ ਦੀ ਭਲਾਈ ਲਈ ਲੜੀ ਦਰ ਲੜੀ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਵਿਧਵਾਵਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਸਹਾਇਤਾ ਰਾਸ਼ੀ ਉਨ੍ਹਾਂ ਵਿਧਵਾਵਾਂ ਨੂੰ ਦਿੱਤੀ ਗਈ, ਜੋ ਗਰੀਬੀ ਦੀ ਰੇਖਾ ਤੋਂ ਵੀ ਥੱਲੇ ਰਹਿ ਰਹੀਆਂ ਹਨ ਅਤੇ ਉਨ੍ਹਾਂ ਦੇ ਘਰ ਕਮਾਉਣ ਵਾਲਾ ਕੋਈ ਵੀ ਨਹੀਂ ਹੈ ਅਤੇ ਇਹ ਵਿਧਵਾਵਾਂ ਆਪਣੀਆਂ ਬੇਟੀਆਂ ਦੀਆਂ ਸ਼ਾਦੀਆਂ ਕਰ ਚੁੱਕੀਆਂ ਹਨ ਅਤੇ ਬਿਰਧ ਅਵਸਥਾ ‘ਚ ਇਕੱਲੀਆਂ ਹੀ ਰਹਿ ਰਹੀਆਂ ਹਨ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਹ ਰਾਸ਼ੀ ਡਾ. ਓਬਰਾਏ ਵੱਲੋਂ ਨਿਰੰਤਰ ਜਾਰੀ ਰਹੇਗੀ। ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਨੇ ਦੱਸਿਆ ਕਿ ਇਹ ਰਾਸ਼ੀ ਡਾ. ਓਬਰਾਏ ਵਲੋਂ ਅਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਦਿੱਤੀ ਜਾਂਦੀ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਕੋਈ ਵੀ ਰਸੀਦਬੁੱਕ ਨਹੀਂ ਹੈ। ਇਸ ਮੌਕੇ ਮਲਕੀਤ ਸਿੰਘ, ਗੁਰਪਾਲ ਸਿੰਘ, ਸੁਖਬੀਰ ਸਿੰਘ, ਗੁਰਚਰਨ ਸਿੰਘ, ਸੋਮਨਾਥ, ਚਰਨਜੀਤ ਆਦਿ ਹਾਜ਼ਰ ਸਨ।