#AMERICA

ਸਟਾਕਟਨ ‘ਚ ਵਾਪਰੇ ਸੜਕ ਹਾਦਸੇ ਦੌਰਾਨ 21 ਸਾਲਾ ਪੰਜਾਬਣ ਦੀ ਮੌਤ

-ਦੂਜੇ ਕਾਰ ਦੇ ਡਰਾਈਵਰ ਦੀ ਵੀ ਮੌਕੇ ‘ਤੇ ਹੋਈ ਮੌਤ
ਸਟਾਕਟਨ, 1 ਮਾਰਚ (ਪੰਜਾਬ ਮੇਲ)- ਸਟਾਕਟਨ ਨਿਵਾਸੀ 21 ਸਾਲਾ ਗੁਰਜੋਤ ਕੌਰ ਦੀ ਇਕ ਸੜਕ ਹਾਦਸੇ ‘ਚ ਮੌਤ ਹੋਣ ਦੀ ਦੁੱਖਦਾਈ ਖ਼ਬਰ ਪ੍ਰਾਪਤ ਹੋਈ ਹੈ। ਪੰਜਾਬ ਮੇਲ ਵੱਲੋਂ ਇਕੱਤਰ ਕੀਤੀ ਸੂਚਨਾ ਅਨੁਸਾਰ ਸਵੇਰੇ ਤਕਰੀਬਨ 7 ਵਜੇ ਦੇ ਕਰੀਬ ਹਾਈਵੇ 4 ਉੱਤੇ ਡਨਟਨ ਰੋਡ ਦੇ ਨਜ਼ਦੀਕ ਗੁਰਜੋਤ ਕੌਰ ਦੀ ਕਾਰ ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ ਨਾਲ ਟਕਰਾ ਗਈ, ਜਿਸ ਕਾਰਨ ਗੁਰਜੋਤ ਕੌਰ ਸਮੇਤ ਦੂਜੇ ਕਾਰ ਦੇ ਡਰਾਈਵਰ 51 ਸਾਲਾ ਰੂਡੀ ਮਰਸਾਡੋ ਦੀ ਵੀ ਮੌਕੇ ‘ਤੇ ਮੌਤ ਹੋ ਗਈ। ਗੁਰਜੋਤ ਕੌਰ ਮੈਡੀਕਲ ਦੀ ਵਿਦਿਆਰਥਣ ਸੀ ਅਤੇ ਉਹ ਕਾਲਜ ਜਾ ਰਹੀ ਸੀ।
ਦੁਰਘਟਨਾ ਤੋਂ ਬਾਅਦ ਸੁਰੱਖਿਆ ਦਸਤੇ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਦੋਵਾਂ ਨੂੰ ਹਾਦਸਾਗ੍ਰਸਤ ਗੱਡੀਆਂ ਵਿਚੋਂ ਬਾਹਰ ਕੱਢਿਆ। ਮੌਕੇ ‘ਤੇ ਜਾਂਚ ਕਰਨ ‘ਤੇ ਦੋਵੇਂ ਹੀ ਮ੍ਰਿਤਕ ਪਾਏ ਗਏ।
ਗੁਰਜੋਤ ਕੌਰ ਆਪਣੇ ਪਿਤਾ ਬਲਬੀਰ ਸਿੰਘ ਅਤੇ ਮਾਤਾ ਰਮਨਦੀਪ ਕੌਰ ਨਾਲ ਲੰਮੇ ਸਮੇਂ ਤੋਂ ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ ਵਿਚ ਰਹਿ ਰਹੇ ਸਨ ਅਤੇ ਗੁਰਜੋਤ ਕੌਰ ਦੇ ਪਿਤਾ ਕੁਝ ਦਿਨ ਪਹਿਲਾਂ ਹੀ ਆਪਣੇ ਪਿੰਡ ਘੁੱਗ ਨੇੜੇ ਭੋਗਪੁਰ ਆਏ ਹੋਏ ਹਨ। ਗੁਰਜੋਤ ਕੌਰ ਦੇ ਮਾਮਾ ਜੀ ਜਸਵੀਰ ਸਿੰਘ ਰਾਜਾ ਗਿੱਲ ਪਿਛਲੀਆਂ ਚੋਣਾਂ ਦੌਰਾਨ ਟਾਂਡਾ ਉੜਮੁੜ ਤੋਂ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਜਿੱਤੇ ਸਨ। ਇਸ ਖ਼ਬਰ ਨਾਲ ਇਲਾਕੇ ਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਮਡੇਰਾ ਨਿਵਾਸੀ ਸਿੱਖ ਆਗੂ ਸੁਰਿੰਦਰ ਸਿੰਘ ਨਿੱਜਰ ਅਤੇ ਅੰਮ੍ਰਿਤਪਾਲ ਸਿੰਘ ਨਿੱਜਰ ਨੇ ਇਸ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।

Leave a comment