ਗਲਾਸਗੋ, 30 ਮਾਰਚ (ਪੰਜਾਬ ਮੇਲ)- ਹਮਜਾ ਯੂਸਫ਼ ਸਕਾਟਲੈਂਡ ਦਾ ਪਹਿਲਾ ਮੰਤਰੀ (ਫ਼ਸਟ ਮਨਿਸਟਰ) ਬਣਨ ਵਾਲਾ ਪਹਿਲਾ ਪੰਜਾਬੀ ਹੈ। ਸਕਾਟਲੈਂਡ ਦਾ ਮੰਤਰੀ ਬਣਨ ਵਾਲੇ ਹਮਜਾ ਯੂਸਫ਼ ਦੇ ਦਾਦਾ 1960 ਵਿਚ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਖਾਨੇਵਾਲ ਦੇ ਪਿੰਡ ਮੀਆਂ ਚੰਨੂੰ ਤੋਂ ਆ ਕੇ ਗਲਾਸਗੋ ਵਸੇ ਸਨ। ਹਮਜਾ ਯੂਸਫ਼ ਮੁਕਾਬਲੇ ‘ਚ ਵਿਰੋਧੀਆਂ ਕੇਟ ਫੋਰਬਸ ਅਤੇ ਐਸ਼ ਰੀਗਨ ਨੂੰ ਹਰਾ ਕੇ ਸਕਾਟਿਸ਼ ਨੈਸ਼ਨਲ ਪਾਰਟੀ ਦਾ ਪ੍ਰਧਾਨ ਬਣਿਆ। 37 ਸਾਲਾ ਹਮਜਾ ਯੂਸਫ ਯੂ.ਕੇ. ਦੀ ਕਿਸੇ ਵੱਡੀ ਪਾਰਟੀ ਦੀ ਅਗਵਾਈ ਕਰਨ ਵਾਲਾ ਪਹਿਲਾ ਮੁਸਲਮਾਨ ਨੇਤਾ ਹੈ। ਚੋਣ ਦਾ ਫੈਸਲਾ ਸਿੰਗਲ ਟ੍ਰਾਂਸਫਰੇਬਲ ਵੋਟ ਪ੍ਰਣਾਲੀ ਦੁਆਰਾ ਕੀਤਾ ਗਿਆ, ਜਿਸ ਵਿਚ ਸਕਾਟਿਸ਼ ਨੈਸ਼ਨਲ ਪਾਰਟੀ ਦੇ 72,169 ਰਜਿਸਟਰ ਮੈਂਬਰਾਂ ਵਿਚੋਂ ਲਗਭਗ 50,490 ਨੇ ਵੋਟਾਂ ਪਾਈਆਂ। ਪਹਿਲੇ ਗੇੜ ਵਿਚ ਹਮਜਾ ਨੇ 24336 (48.2%), ਕੇਟ ਫੋਰਬਜ ਨੇ 20559 (40.7%) ਅਤੇ ਐੱਸ. ਰੀਗਨ ਨੇ 5599 (11.1%) ਵੋਟਾਂ ਹਾਸਲ ਕੀਤੀਆਂ। ਰੀਗਨ ਦੇ ਪਹਿਲੇ ਗੇੜ ‘ਚੋਂ ਬਾਹਰ ਹੋਣ ਤੋਂ ਬਾਅਦ ਦੂਜੇ ਗੇੜ ਵਿਚ ਹਮਜਾ ਯੂਸਫ਼ ਨੇ ਕੇਟ ਫੋਰਬਜ ਨੂੰ 23890 (47.9%) ਦੇ ਮੁਕਾਬਲੇ 26032 (52.1%) ਵੋਟਾਂ ਨਾਲ ਹਰਾਇਆ। ਜਿੱਤ ਤੋਂ ਬਾਅਦ ਹਮਜਾ ਨੇ ਕਿਹਾ ਕਿ ਚੋਣ ਪ੍ਰਕਿਰਿਆ ਦਨਰਾਨ ਅਸੀਂ ਇਕ ਦੂਜੇ ਦੇ ਵਿਰੋਧੀ ਸੀ। ਹੁਣ ਅਸੀਂ ਟੀਮ ਯੂਸਫ਼, ਟੀਮ ਕੇਟ ਜਾਂ ਟੀਮ ਐੱਸ. ਦੀ ਬਜਾਏ ਇਕ ਟੀਮ ਹਾਂ ਅਤੇ ਇਕਜੁੱਟ ਹੋ ਕੇ ਸਕਾਟਲੈਂਡ ਦੀ ਆਜ਼ਾਦੀ ਲਈ ਕੰਮ ਕਰਾਂਗੇ।