28.4 C
Sacramento
Wednesday, October 4, 2023
spot_img

ਵੈਨਕੂਵਰ ਵਿਚਾਰ ਮੰਚ ਵੱਲੋਂ ਗੀਤਾਂ ਦੇ ਬਾਦਸ਼ਾਹ ਬਾਬੂ ਸਿੰਘ ਮਾਨ ਨਾਲ ਰੂਬਰੂ ਪ੍ਰੋਗਰਾਮ

ਸਰੀ, 11 ਜੂਨ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਗੀਤਾਂ ਦੇ ਬਾਦਸ਼ਾਹ ਬਾਬੂ ਸਿੰਘ ਮਾਨ (ਮਰਾੜ੍ਹਾਂ ਵਾਲੇ) ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਵਿਚ ਬਾਬੂ ਸਿੰਘ ਮਾਨ ਨੇ ਆਪਣੇ ਗੀਤਕਾਰੀ ਦੇ ਸਫਰ ਦੀ ਸ਼ੁਰੂਆਤ ਤੋਂ ਲੈ ਕੇ ਸਫਲਤਾ ਦੀ ਚੋਟੀ ਤੱਕ ਪੁੱਜਣ ਅਤੇ ਇਸ ਸਫਰ ਦੇ ਕਈ ਦਿਲਚਸਪ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਰੂਬਰੂ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਮੰਚ ਦੇ ਬੁਲਾਰੇ ਅੰਗਰੇਜ਼ ਬਰਾੜ ਨੇ ਬਾਬੂ ਸਿੰਘ ਮਾਨ ਅਤੇ ਹਾਜਰ ਸਰੋਤਿਆਂ ਦਾ ਸਵਾਗਤ ਕੀਤਾ। ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਮੰਚ ਦੀ ਸਥਾਪਨਾ ਅਤੇ ਇਸ ਦੇ ਉਦੇਸ਼ ਬਾਰੇ ਦਸਦਿਆਂ ਕਿਹਾ ਕਿ ਇਹ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਵੱਖੋ ਵੱਖਰੀ ਸੋਚ ਰੱਖਣ ਵਾਲੇ ਲੇਖਕ, ਸਮਾਜ ਸੇਵੀ, ਪੱਤਰਕਾਰ, ਵਿਦਵਾਨ, ਕਲਾਕਾਰ ਅਤੇ ਹੋਰ ਸ਼ਖ਼ਸੀਅਤਾਂ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕਰ ਸਕਦੇ ਹਨ।

ਮੰਚ ਸੰਚਾਲਕ ਮੋਹਨ ਗਿੱਲ ਨੇ ਬਾਬੂ ਸਿੰਘ ਮਾਨ ਬਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਗੀਤ ਪੰਜਾਬ ਦੇ ਸਮਾਜਿਕ ਜੀਵਨ ਅਤੇ ਪੇਂਡੂ ਸਭਿਆਚਾਰ ਦੀ ਖੂਬਸੂਰਤ ਤਸਵੀਰਕਸ਼ੀ ਕਰਦੇ ਹਨ। ਬਾਬੂ ਸਿੰਘ ਮਾਨ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਜੰਡ ਸਾਹਿਬ ਵਿਚ ਪੜ੍ਹਦਿਆਂ ਸਕੂਲ ਦੇ ਪ੍ਰੋਗਰਾਮਾਂ ਵਿਚ ਨਾਟਕ ਖੇਡਣ ਤੋਂ ਉਨ੍ਹਾਂ ਨੂੰ ਕੁਝ ਲਿਖਣ ਦੀ ਚੇਟਕ ਲੱਗੀ। ਫਿਰ ਸੋਹਣ ਸਿੰਘ ਸੀਤਲ ਦੀਆਂ ਕਵੀਸ਼ਰੀਆਂ ਦੀਆਂ ਕਿਤਾਬਾਂ ਪੜ੍ਹੀਆਂ ਅਤੇ ਸਾਥੀਆਂ ਨਾਲ ਮਿਲ ਕੇ ਕਵੀਸ਼ਰੀ ਗਾਉਣੀ ਸ਼ੁਰੂ ਕਰ ਦਿੱਤੀ। ਬਰਜਿੰਦਰਾ ਕਾਲਜ ਫਰੀਦਕੋਟ ਵਿਚ ਪੜ੍ਹਦਿਆਂ ਕਵਿਤਾ ਲਿਖਣ ਲੱਗ ਪਏ ਅਤੇ ਏਥੇ ਹੀ ਉਨ੍ਹਾਂ ਦੇ ਪ੍ਰੋ. ਸੁਰਿੰਦਰ ਸਿੰਘ ਨਰੂਲਾ ਵੱਲੋਂ ਮਿਲੀ ਯੋਗ ਅਗਵਾਈ ਸਦਕਾ ਉਨ੍ਹਾਂ ਦੇ ਲਿਖਣ ਕਾਰਜ ਵਿਚ ਅਹਿਮ ਮੋੜ ਆਇਆ ਅਤੇ ਉਹ ਗੀਤਾਂ ਦੀ ਰਚਨਾ ਸ਼ੁਰੂ ਕਰ ਦਿੱਤੀ।

ਉਨ੍ਹਾਂ ਦੱਸਿਆ ਕਿ ਆਪਣੇ ਗੀਤਾਂ ਵਿਚ ਉਨ੍ਹਾਂ ਸਮਾਜ, ਸਭਿਆਚਾਰ ਅਤੇ ਰਿਸ਼ਤੇ-ਨਾਤਿਆਂ ਦੇ ਯਥਾਰਥ ਨੂੰ ਲੋਕ ਬੋਲੀ ਵਿਚ ਪੇਸ਼ ਕੀਤਾ ਹੈ ਜੋ ਸੱਚ ਦੇ ਨੇੜੇ ਹੈ ਅਤੇ ਲੋਕਾਂ ਦੀ ਬੋਲੀ ਵਿਚ ਪੇਸ਼ ਕੀਤੀਆਂ ਸਿੱਧ ਪੱਧਰੀਆਂ ਗੱਲਾਂ ਹਨ। ਸ਼ਾਇਦ ਏਸੇ ਕਾਰਨ ਹੀ ਪੁਰਾਣੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਹਨ। ਉਨ੍ਹਾਂ ਦੱਸਿਆ ਕਿ ਗੀਤ ਲਿਖਣ ਤੋਂ ਪਹਿਲਾਂ ਆਪਣੇ ਮਨ ਵਿਚ ਇਕ ਤਸਵੀਰ ਸਿਰਜਦੇ ਹਨ ਅਤੇ ਫਿਰ ਉਸ ਤਸਵੀਰ ਨੂੰ ਗੀਤ ਦੇ ਬੋਲਾਂ ਰਾਹੀਂ ਉਜਾਗਰ ਕਰਨ ਦਾ ਯਤਨ ਕਰਦੇ ਹਨ। ਕਾਲਾ ਘੱਗਰਾ ਸੰਦੂਕ ਵਿਚ ਮੇਰਾ ਅਤੇ ਗਲੀ ਗਲੀ ਵਣਜਾਰਾ ਫਿਰਦਾ ਗੀਤਾਂ ਤੋਂ ਸ਼ੁਰੂਆਤ ਕਰਕੇ 1963 ਵਿਚ ਉਨ੍ਹਾਂ ਦੇ ਗੀਤਾਂ ਦੀ ਪਹਿਲੀ ਕਿਤਾਬ ਗੀਤਾਂ ਦਾ ਵਣਜਾਰਾ ਛਪੀ ਅਤੇ ਇਹ ਕਿਤਾਬ ਲੱਖਾਂ ਦੀ ਗਿਣਤੀ ਵਿਚ ਵਿਕੀ। ਉਨ੍ਹਾਂ ਦੱਸਿਆ ਕਿ 1984 ਤੱਕ ਉਨ੍ਹਾਂ ਨੂੰ ਕਿਤਾਬਾਂ ਤੋਂ ਹਰ ਮਹੀਨੇ ਏਨੀ ਰਿਆਲਟੀ ਆਉਂਦੀ ਕਿ ਓਨੀ ਡੀ.ਸੀ., ਐਸ.ਐਸ.ਪੀ. ਦੀ ਤਨਖਾਹ ਵੀ ਨਹੀਂ ਸੀ ਹੁੰਦੀ। ਉਨ੍ਹਾਂ ਇਹ ਵੀ ਕਿਹਾ ਕਿ ਰਿਕਾਰਡ ਹੋਏ ਗੀਤਾਂ ਤੋਂ ਅੱਜ ਵੀ ਉਨ੍ਹਾਂ ਨੂੰ ਇਕ ਲੱਖ ਰੁਪਏ ਮਹੀਨਾ ਰਿਆਲਟੀ ਆ ਜਾਂਦੀ ਹੈ।

ਇਸ ਮੌਕੇ ਉਨ੍ਹਾਂ ਗੀਤਕਾਰੀ ਸਫਰ ਦੇ ਕਈ ਦਿਲਚਸਪ ਕਿੱਸੇ ਬਿਆਨ ਕੀਤੇ ਅਤੇ ਗਲੀ ਗਲੀ ਵਣਜਾਰਾ ਫਿਰਦਾ ਹਾਕ ਮਾਰ ਲਿਆ ਸੂ ਬੁਲਾ ਅਤੇ ਸੱਸੀ ਪੁੰਨੂੰ ਗੀਤ ਵੀ ਸੁਣਾਏ। ਹਾਜਰ ਸਰੋਤਿਆਂ ਵੱਲੋਂ ਉਨ੍ਹਾਂ ਦੇ ਗੀਤ ਆ ਗਿਆ ਵਣਜਾਰਾ ਨੀ ਚੜ੍ਹਾ ਲੈ ਭਾਬੀ ਚੂੜੀਆਂ ਨੂੰ ਉਸ ਸਮੇਂ ਦੀ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਤਸਵੀਰ ਦੀ ਬਾਖੂਬੀ ਮਿਸਾਲ ਦੱਸਿਆ। ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਡਾ. ਸੁਖਵਿੰਦਰ ਵਿਰਕ, ਇੰਦਰਜੀਤ ਸਿੰਘ ਸਿੱਧੂ, ਹਰਮਿੰਦਰ ਰੇਹਲ, ਅਸ਼ੋਕ ਭਾਰਗਵ, ਦਵਿੰਦਰ ਸਿੰਘ ਦੂਲੇ, ਠਾਣਾ ਸਿੰਘ, ਗੁਰਦੀਪ ਭੁੱਲਰ, ਬਿੱਲਾ ਤੱਖੜ, ਨਵਰੂਪ ਸਿੰਘ ਅਤੇ ਹਰਦਮ ਸਿੰਘ ਮਾਨ ਹਾਜਰ ਸਨ।

Related Articles

Stay Connected

0FansLike
3,878FollowersFollow
21,200SubscribersSubscribe
- Advertisement -spot_img

Latest Articles