#CANADA

ਵੈਨਕੂਵਰ ਵਿਚਾਰ ਮੰਚ ਵੱਲੋਂ ਉੱਘੇ ਸਮਾਜ ਚਿੰਤਕ ਗੁਰਪ੍ਰੀਤ ਸਿੰਘ ਚੰਦਬਾਜਾ ਦਾ ਸਨਮਾਨ

ਸਰੀ, 10 ਮਾਰਚ (ਹਰਦਮ ਮਾਨ/ਪੰਜਾਬ ਮੇਲ) – ‘ਵੈਨਕੂਵਰ ਵਿਚਾਰ ਮੰਚ’ ਦੇ ਨਿੱਘੇ ਸੱਦੇ ਤੇ ਅਮਰੀਕਾ ਤੋਂ ਕੈਨੇਡਾ (ਸਰੀ) ਪਹੁੰਚੇ ਉੱਘੇ ਸਮਾਜ ਚਿੰਤਕ, ਸਮਾਜ ਸੇਵੀ ਅਤੇ ‘ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ’ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਸਨਮਾਨ ਹਿਤ ਜਰਨੈਲ ਸਿੰਘ ਆਰਟ ਗੈਲਰੀ ਸਰੀ ਦੇ ਹਾਲ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਮੰਚ ਦੇ ਜਨਰਲ ਸਕੱਤਰ ਮੋਹਨ ਸਿੰਘ ਗਿੱਲ ਨੇ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਮਾਗਮ ਦਾ ਅਗਾਜ਼ ਕੀਤਾ। ਉਪਰੰਤ ‘ਵੈਨਕੂਵਰ ਵਿਚਾਰ ਮੰਚ’ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਮੰਚ ਦੀ ਸਥਾਪਨਾ ਦੇ ਉਦੇਸ਼, ਕਾਰਜ ਵਿਧੀ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।
ਅੰਗਰੇਜ਼ ਸਿੰਘ ਬਰਾੜ ਨੇ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਜੀਵਨ ਅਤੇ ਸਮਾਜ ਸੇਵੀ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ। ਜਸਵੀਰ ਸਿੰਘ ਭਲੂਰੀਆ ਅਤੇ ਗੁਰਮੇਲ ਸਿੰਘ ਔਲਖ (ਸਾਬਕਾ ਸਰਪੰਚ ਔਲਖ) ਨੇ ਵੀ ਪੰਜਾਬ ਵਿੱਚ ਚੰਦਬਾਜਾ ਵੱਲੋਂ ਕੀਤੇ ਸਮਾਜ ਸੇਵੀ ਕਾਰਜਾਂ ਲਹੀ ਆਪਣੇ ਵੱਲੋਂ ਦਿੱਤੇ ਸਹਿਯੋਗ ਅਤੇ ਉਹਨਾਂ ਨਾਲ ਬਿਤਾਏ ਸਮੇਂ ਬਾਰੇ ਵਿਚਾਰ ਸਾਂਝੇ ਕਰਦਿਆਂ ਚੰਦਬਾਜਾ ਦੇ ਉੱਦਮ ਅਤੇ ਸਿਰੜ ਦੀ ਪ੍ਰਸੰਸਾ ਕੀਤੀ।
ਗੁਰਪ੍ਰੀਤ ਸਿੰਘ ਚੰਦਬਾਜਾ ਨੇ ਸਿਆਸਤ ਵਿੱਚ ਆਉਣ ਤੋਂ ਲੈ ਕੇ ‘ਭਾਈ ਘਨ੍ਹੱਈਆ ਕੈਂਸਰ ਰੋਕੋ ਸੋਸਾਇਟੀ ਦੇ ਗਠਨ, ਲੋੜਵੰਦ ਮਰੀਜ਼ਾਂ ਦੀ ਮਦਦ, ਡਾਕਟਰਾਂ ਅਤੇ ਮੈਡੀਕਲ ਸਟੋਰਾਂ ਵੱਲੋਂ ਕੀਤੀ ਜਾ ਰਹੀ ਮਰੀਜ਼ਾਂ ਦੀ ਲੁੱਟ ਨੂੰ ਰੋਕਣ, ਸਿਹਤ ਵਿਭਾਗ ਦੇ ਘਟੀਆ ਪ੍ਰਬੰਧ ਨੂੰ ਸਰਕਾਰਾਂ ਦੇ ਧਿਆਨ ਵਿੱਚ ਲਿਆਉਣ, ਬੀਮਾਰੀਆਂ ਦੀ ਜੜ ਦਰਿਆਵਾਂ ਦੇ ਪ੍ਰਦੂ਼ਸ਼ਤ ਪਾਣੀ ਦਾ ਮੁੱਦਾ ਚੱਕਣ, ਲੁਧਿਆਣੇ ਦੇ ਬੁੱਢੇ ਨਾਲੇ ਵਿੱਚ ਪੈ ਰਹੇ ਫੈਕਟਰੀਆਂ ਦੇ ਕੈਮੀਕਲ ਵਾਲੇ ਪਾਣੀ ਦਾ ਮੁੱਦਾ ਚੁੱਕਣ, ਸਿਆਸੀ ਪਾਰਟੀਆਂ ਵੱਲੋਂ ਪੇਸ਼ ਕੀਤੇ ਜਾਂਦੇ ਚੋਣ ਮੈਨੀਫੈਸਟੋ ਵਿੱਚ ਪ੍ਰਦੂਸ਼ਿਤ ਵਾਤਾਵਰਨ ਨੂੰ ਮੁੱਦਾ ਬਣਾਉਂਣ ਲਈ ਮਜ਼ਬੂਰ ਕਰਨ, ਸੜਕਾਂ ਉੱਪਰ ਲੱਗੇ ਸਾਈਨ ਬੋਰਡਾਂ ਵਿੱਚ ਪੰਜਾਬੀ ਨੂੰ ਇੱਕ ਨੰਬਰ ਤੇ ਲਿਖਵਾਉਣ ਸਮੇਤ ਅਨੇਕਾਂ ਹੋਰ ਕੀਤੇ ਅਤੇ ਚੱਲ ਰਹੇ ਕਾਰਜਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਵਾਅਦਾ ਕੀਤਾ ਕਿ ਮੈਂ ਭਾਵੇਂ ਦੇਸ਼ ਵਿੱਚ ਹੋਵਾਂ ਭਾਵੇਂ ਵਿਦੇਸ਼ ਵਿੱਚ ਪੰਜਾਬ ਨੂੰ ਬਚਾਉਣ ਲਈ ਯਤਨ ਜਾਰੀ ਰਹਿਣਗੇ।
‘ਭਾਈ ਘਨ੍ਹ‌ੱਈਆ ਕੈਸਰ ਰੋਕੋ ਸੇਵਾ ਸੋਸਾਇਟੀ’ ਵੱਲੋਂ ਕੀਤੇ ਕਾਰਜਾਂ ਦੀ ਹਾਜ਼ਰੀਨ ਵੱਲੋਂ ਭਰਪੂਰ ਪ੍ਰਸੰਸਾ ਕੀਤੀ ਗਈ। ਮੰਚ ਵੱਲੋਂ ਗੁਰਪ੍ਰੀਤ ਸਿੰਘ ਚੰਦਬਾਜਾ ਦਾ ਸਨਮਾਨ ਕੀਤਾ ਗਿਆ ਅਤੇ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਮੰਚ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਪ੍ਰਧਾਨ ਜਰਨੈਲ ਸਿੰਘ, ਜਨਰਲ ਸਕੱਤਰ ਮੋਹਨ ਸਿੰਘ ਗਿੱਲ, ਅੰਗਰੇਜ਼ ਸਿੰਘ ਬਰਾੜ, ਜਸਵੀਰ ਸਿੰਘ ਭਲੂਰੀਆ, ਨਵਦੀਪ ਸਿੰਘ ਗਿੱਲ, ਹਰਦਮ ਸਿੰਘ ਮਾਨ (ਸਾਹਿਤਕਾਰ), ਗੁਰਮੇਲ ਸਿੰਘ ਔਲਖ, ਪ੍ਰਗਟ ਸਿੰਘ ਸੰਘਾ ਜੋਗੇਵਾਲਾ, ਸ਼ਵਿੰਦਰ ਸਿੰਘ ਸਰਾਂ ਫਰੀਦਕੋਟ, ਗੁਰਪ੍ਰੀਤ ਸਿੰਘ ਚੰਦਬਾਜਾ ਦੇ ਸਪੁੱਤਰ ਗਗਨਜੋਤ ਸਿੰਘ ਬਰਾੜ ਚੰਦਬਾਜਾ ਅਤੇ ਸਰੀ ਸ਼ਹਿਰ ਦੀਆਂ ਸਤਿਕਾਰਿਤ ਸ਼ਖ਼ਸੀਅਤਾਂ ਹਾਜ਼ਰ ਸਨ।

Leave a comment