#CANADA

ਵੀਜ਼ਾ ਧੋਖਾਧੜੀ ਮਾਮਲਾ: ਕੈਨੇਡਾ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਅਹਿਮ ਐਲਾਨ

ਟੋਰਾਂਟੋ, 8 ਅਗਸਤ (ਪੰਜਾਬ ਮੇਲ)- ਕੈਨੇਡਾ ‘ਚ ਵੀਜ਼ਾ ਧੋਖਾਧੜੀ ਮਾਮਲੇ ਵਿਚ ਚੱਲ ਰਹੀ ਜਾਂਚ ਸਬੰਧੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੀ ਖੁਫੀਆ ਅਤੇ ਇਨਫੋਰਸਮੈਂਟ ਸ਼ਾਖਾ ਨੇ ਖੁਲਾਸਾ ਕੀਤਾ ਹੈ ਕਿ ਲੋਕਾਂ ਤੋਂ ਮਿਲੇ ਸੁਝਾਵਾਂ ਦੇ ਆਧਾਰ ‘ਤੇ ਉਨ੍ਹਾਂ ਨੇ ਸ਼ੁਰੂਆਤੀ ਤੌਰ ‘ਤੇ 2,000 ਤੋਂ ਵੱਧ ਮਾਮਲਿਆਂ ਦੀ ਪਛਾਣ ਕੀਤੀ ਸੀ, ਜਿੱਥੇ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਹੁਣ ਉਨ੍ਹਾਂ ਨੇ ਅਜਿਹੇ ਸ਼ੱਕੀ ਮਾਮਲਿਆਂ ਨੂੰ 300 ਤੱਕ ਸੀਮਤ ਕਰ ਦਿੱਤਾ ਹੈ।
ਧੋਖਾਧੜੀ ਦਾ ਸ਼ਿਕਾਰ ਹੋਏ ਕੁਝ ਵਿਦਿਆਰਥੀਆਂ ਨੇ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਮਾਰਕੋ ਈ ਐਲ ਮੇਂਡੀਸੀਨੋ ਨੂੰ 8 ਜੂਨ ਨੂੰ ਇਕ ਚਿੱਠੀ ਭੇਜੀ ਸੀ। ਇਸ ਚਿੱਠੀ ਦਾ ਜਵਾਬ ਦਿੰਦੇ ਹੋਏ ਸ਼ਾਖਾ ਦੇ ਉਪ-ਪ੍ਰਧਾਨ ਐਰੋਨ ਮੈਕਰੋਰੀ ਨੇ ਉਕਤ ਅੰਕੜਿਆਂ ਦਾ ਖੁਲਾਸਾ ਕੀਤਾ। ਅੰਕੜਿਆਂ ਮੁਤਾਬਕ ”2018 ‘ਚ ਸੀ.ਬੀ.ਐੱਸ.ਏ. ਸੰਗਠਿਤ ਅਪਰਾਧ ਸਮੂਹਾਂ ਦੀ ਜਾਂਚ ਕਰ ਰਿਹਾ ਸੀ ਅਤੇ ਵਿਦਿਆਰਥੀਆਂ ਦੇ ਸਕੂਲ ਨਾ ਜਾਣ ਅਤੇ ਅਪਰਾਧਿਕਤਾ ਅਤੇ ਗੈਂਗਾਂ ਵਿਚ ਸ਼ਾਮਲ ਹੋਣ ਦੇ ਮੁੱਦਿਆਂ ਤੋਂ ਜਾਣੂ ਹੋਇਆ ਸੀ। ਇਸ ਨਾਲ ਪੁੱਛਗਿੱਛ ਦੀਆਂ ਨਵੀਆਂ ਲਾਈਨਾਂ ਸ਼ੁਰੂ ਹੋਈਆਂ। 2020 ਵਿਚ ਜਨਤਾ ਦੇ ਸਹਿਯੋਗ ਨਾਲ ਉਨ੍ਹਾਂ ਨੇ 2,000 ਤੋਂ ਵੱਧ ਕੇਸਾਂ ਦੀ ਪਛਾਣ ਕੀਤੀ, ਜਿੱਥੇ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਲਈ ਧੋਖਾਧੜੀ ਵਾਲੇ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ।
ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਦੇ ਸਹਿਯੋਗ ਨਾਲ ਸੀ.ਬੀ.ਐੱਸ.ਏ. ਨੇ ਉਨ੍ਹਾਂ ਮਾਮਲਿਆਂ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਲਗਭਗ 300 ਮਾਮਲਿਆਂ ਤੱਕ ਸੀਮਤ ਕਰ ਦਿੱਤਾ। ਮੈਕਰੋਰੀ ਨੇ ਪੱਤਰ ਵਿਚ ਲਿਖਿਆ ਕਿ ”ਸੀ.ਬੀ.ਐੱਸ.ਏ. ਆਪਣੇ ਸਾਹਮਣੇ ਕਿਸੇ ਵੀ ਮਾਮਲੇ ਨੂੰ ਤੱਥਾਂ ਦੇ ਆਧਾਰ ‘ਤੇ ਕੇਸ-ਦਰ-ਕੇਸ ਦੇਖਦੀ ਹੈ। ਇਨ੍ਹਾਂ 300 ਸ਼ੱਕੀ ਮਾਮਲਿਆਂ ਵਿਚ ਅਸਲ ਵਿਦਿਆਰਥੀਆਂ ਤੋਂ ਲੈ ਕੇ ਉਨ੍ਹਾਂ ਲੋਕਾਂ ਤੱਕ ਜੋ ਕਥਿਤ ਤੌਰ ‘ਤੇ ਇਸ ਸਕੀਮ ਵਿਚ ਸ਼ਾਮਲ ਸਨ ਅਤੇ ਜਿਨ੍ਹਾਂ ਨੇ ਕੈਨੇਡਾ ਵਿਚ ਦਾਖਲ ਹੋਣ ਲਈ ਸਿਸਟਮ ਦਾ ਕਥਿਤ ਤੌਰ ‘ਤੇ ਫਾਇਦਾ ਉਠਾਇਆ ਹੈ ਹਾਲਾਤ ਵੱਖ-ਵੱਖ ਹਨ। ਉਨ੍ਹਾਂ ਨੇ ਅੱਗੇ ਲਿਖਿਆ ਕਿ ਜਿਵੇਂ ਕਿ ਜੂਨ ਵਿਚ ਐਲਾਨ ਕੀਤਾ ਗਿਆ ਸੀ ਕਿ ਆਈ.ਆਰ.ਸੀ.ਸੀ. ਅਧਿਕਾਰੀਆਂ ਦੀ ਇੱਕ ਟਾਸਕ ਫੋਰਸ ਹਰੇਕ ਕੇਸ ਦੇ ਖਾਸ ਹਾਲਾਤ ਦਾ ਮੁਲਾਂਕਣ ਕਰਕੇ ਅਸਲੀ ਵਿਦਿਆਰਥੀਆਂ ਦੀ ਪਛਾਣ ਕਰਨ ਲਈ ਸੀ.ਬੀ.ਐੱਸ.ਏ. ਨਾਲ ਮਿਲ ਕੇ ਕੰਮ ਕਰ ਰਹੀ ਸੀ। ਉਸਨੇ ਅੱਗੇ ਕਿਹਾ ਜਿਹੜੇ ਲੋਕ ਸਹੀ ਪਾਏ ਜਾਂਦੇ ਹਨ, ਉਨ੍ਹਾਂ ਨੂੰ ਕੈਨੇਡਾ ਵਿਚ ਰਹਿਣ ਦੀ ਇਜਾਜ਼ਤ ਦੇਣ ਲਈ ਇੱਕ ਅਸਥਾਈ ਨਿਵਾਸੀ ਪਰਮਿਟ ਜਾਰੀ ਕੀਤਾ ਜਾ ਸਕਦਾ ਹੈ,”।

Leave a comment