ਵਾਸ਼ਿੰਗਟਨ ਡੀ.ਸੀ., 11 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਸਮੁੱਚੀ ਦੁਨੀਆਂ ਵਿਚ ਸਿੱਖੀ ਦਾ ਝੰਡਾ ਬੁਲੰਦ ਕਰਨ ਵਾਲੀ ਸਮਾਜ ਸੇਵੀ ਅਤੇ ਚੈਰਿਟੀ ਸੰਸਥਾ ਸਿੱਖਸ ਆਫ ਅਮੈਰਿਕਾ ਵਲੋਂ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ ਇਕ ਸ਼ਾਨਦਾਰ ਸਮਾਗਮ ਵਾਸ਼ਿੰਗਟਨ ਡੀ.ਸੀ. ਵਿਖੇ ਕਰਵਾਇਆ ਗਿਆ। ਦੱਸਣਯੋਗ ਹੈ ਕਿ ਸਿੱਖਸ ਆਫ ਅਮੈਰਿਕਾ ਲੋੜਵੰਦ ਬੱਚਿਆਂ ਨੂੰ ਇੰਡੀਆ ‘ਚ ਸਕੂਲ ਬੈਗ਼, ਬੂਟ ਆਦਿ ਦੇਣ ਤੋਂ ਇਲਾਵਾ ਖੂਨਦਾਨ ਕੈਂਪ ਵਰਗੇ ਚੈਰੀਟੇਬਲ ਕਾਰਜ ਵੀ ਕਰਦੀ ਹੈ। ਇਸ ਸਮਾਗਮ ਵਿਚ ਹੋਬੋਕਨ ਸਿਟੀ (ਨਿਊਜਰਸੀ) ਦੇ ਮੇਅਰ ਰਵੀ ਭੱਲਾ ਨੂੰ ਸਿਆਸਤ ਵਿਚ ਪ੍ਰਾਪਤੀਆਂ ਕਾਰਨ, ਦਰਸ਼ਨ ਸਿੰਘ ਧਾਲੀਵਾਲ ਨੂੰ ਸਮਾਜ ਸੇਵੀ ਕਾਰਜਾਂ ਕਾਰਨ, ਪਿਸਤਾ ਕਿੰਗ ਮਨਰਾਜ ਸਿੰਘ ਕਾਹਲੋਂ ਨੂੰ ਪਿਸਤਾ ਉਤਪਾਦਨ ਦੇ ਖੇਤਰ ਵਿਚ ਨਾਮਣਾ ਖੱਟਣ ਅਤੇ ਵਿੱਦਿਅਕ ਸੰਸਥਾ ਨੂੰ ਮਿਸਾਲੀ ਦਾਨ ਦੇਣ ਕਾਰਨ ਅਤੇ ਤਰਨਜੀਤ ਸਿੰਘ ਸੰਧੂ ਅੰਬੈਸਡਰ ਆਫ ਇੰਡੀਅਨ ਹਾਈ ਕਮਿਸ਼ਨ ਨੂੰ ਅੰਤਰਰਾਸ਼ਟਰੀ ਪ੍ਰਸ਼ਾਸ਼ਨਿਕ ਸੇਵਾਵਾਂ ਪ੍ਰਦਾਨ ਕਰਨ ਕਾਰਨ ‘ਸਿੱਖ ਹੀਰੋਜ਼ ਐਵਾਰਡ’ ਭੇਂਟ ਕੀਤੇ ਗਏ ਹਨ।
ਇਸ ਮੌਕੇ ਅਮਰੀਕੀ ਪੁਲਿਸ ਦੇ ਸਿੱਖ ਸ਼ਹੀਦ ਹਿਊਸਟਨ ਦੇ ਸ਼ਹੀਦ ਸੰਦੀਪ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਨ੍ਹਾਂ ਦਾ ਸਨਮਾਨ ਉਨ੍ਹਾਂ ਦੇ ਪਰਿਵਾਰ ਨੇ ਪ੍ਰਾਪਤ ਕੀਤਾ।
ਐਵਾਰਡ ਹਾਸਲ ਕਰਨ ਵਾਲੇ ਸਿੱਖ ਹੀਰੋਜ਼ ਨੂੰ ਸਿੱਖਸ ਆਫ ਅਮੈਰਿਕਾ ਦੇ ਅਹੁਦੇਦਾਰਾਂ ਜਸਦੀਪ ਸਿੰਘ ਜੱਸੀ ਚੇਅਰਮੈਨ, ਕੰਵਲਜੀਤ ਸਿੰਘ ਸੋਨੀ ਪ੍ਰਧਾਨ, ਵਾਈਸ ਚੇਅਰਮੈਨ ਬਲਜਿੰਦਰ ਸਿੰਘ ਸ਼ੰਮੀ, ਗੁਰਵਿੰਦਰ ਸਿੰਘ ਸੇਠੀ, ਮਨਿੰਦਰ ਸਿੰਘ ਸੇਠੀ, ਇੰਦਰਜੀਤ ਸਿੰਘ ਗੁਜਰਾਲ, ਦਰਸ਼ਨ ਸਿੰਘ ਸਲੂਜਾ, ਮੀਤਾ ਸਲੂਜਾ, ਜਸਵਿੰਦਰ ਸਿੰਘ ਜਾਨੀ, ਚਤਰ ਸਿੰਘ ਸੈਣੀ, ਰਾਜ ਸੈਣੀ, ਪ੍ਰਿਤਪਾਲ ਸਿੰਘ ਲੱਕੀ, ਭੋਗਲ ਸਿੰਘ, ਸੁਖਪਾਲ ਧਨੋਆ, ਦਿਲਵੀਰ ਸਿੰਘ ਨੇ ‘ਸਿੱਖ ਹੀਰੋਜ਼ ਐਵਾਰਡ’ ਮਮੈਂਟੋ ਅਤੇ ਸ਼ਾਨਦਾਰ ਲੋਈਆਂ ਦੇ ਕੇ ਭੇਂਟ ਕੀਤੇ।
ਸਮਾਗਮ ਦੌਰਾਨ ਮੈਰੀਲੈਂਡ ਦੇ ਗਵਰਨਰ ਵੈੱਸਮੋਰ, ਕੰਪਟਰੋਲਰ ਬਰੁੱਕ ਲੀਅਰ ਮੈਨ, ਕਾਂਗਰਸਮੈਨ ਗਲੈੱਨ ਆਈ.ਵੀ., ਸੈਨੇਟਰ ਕ੍ਰਿਸ ਵੈਨ ਹੌਲੁਨ ਅਤੇ ਨਿਊਜਰਸੀ ਦੀ ਹੋਬੋਕਨ ਸਿਟੀ ਦੇ ਮੇਅਰ ਰਵੀ ਭੱਲਾ ਨੇ ਸਮਾਗਮ ਅਤੇ ਵਿਸਾਖੀ ਦੇ ਦਿਹਾੜੇ ਸਬੰਧੀ ਆਪਣੇ ਸੰਦੇਸ਼ ਦਿੱਤੇ। ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਸਿੱਖਸ ਆਫ਼ ਅਮੈਰਿਕਾ ਵਲੋਂ ਸਭ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਸੰਸਥਾ ਦੇ ਸਿਧਾਂਤ ਅਤੇ ਕਾਰਜਾਂ ਬਾਰੇ ਸੰਖੇਪ ਵਿਚ ਦੱਸਿਆ। ਉਪਰੰਤ ਮੈਰੀਲੈਂਡ ਦੀ ਕੰਪਟਰੋਲਰ ਬਰੁੱਕ ਲੀਅਰਮੈਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਿੱਖਾਂ ਨੇ ਅਮਰੀਕਾ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ ਅਤੇ ਅਸੀਂ ਹਮੇਸ਼ਾ ਸਿੱਖ ਕੌਮ ਦੇ ਧੰਨਵਾਦੀ ਰਹਾਂਗੇ। ਉਨ੍ਹਾਂ ਤੋਂ ਬਾਅਦ ਸਿੱਖਸ ਆਫ਼ ਅਮੈਰਿਕਾ ਦੇ ਪ੍ਰਧਾਨ ਕਮਲਜੀਤ ਸਿੰਘ ਸੋਨੀ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਸੀਂ ਅੱਜ ਸਿੱਖ ਹੀਰੋਜ਼ ਨੂੰ ਸਨਮਾਨਿਤ ਕਰ ਕੇ ਮਾਣ ਮਹਿਸੂਸ ਕਰ ਰਹੇ ਹਾਂ ਅਤੇ ਆਸ ਹੈ ਕਿ ਅਮਰੀਕਾ ‘ਚ ਵਸਦੀ ਸਿੱਖਾਂ ਦੀ ਨਵੀਂ ਪੀੜੀ ਇਨ੍ਹਾਂ ਹੀਰੋਜ਼ ਤੋਂ ਸੇਧ ਜ਼ਰੂਰ ਲਵੇਗੀ।
ਸਿੱਖਸ ਆਫ਼ ਅਮੈਰਿਕਾ ਦੇ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਸਾਡੀ ਸੋਚ ਜਿੱਥੇ ਸਮਾਜ ਸੇਵੀ ਅਤੇ ਚੈਰਿਟੀ ਕਾਰਜਾਂ ਦੀ ਹੈ, ਉੱਥੇ ਹੀ ਸਿੱਖਾਂ ਵਲੋਂ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਚਾਰਨ ਦੀ ਵੀ ਹੈ। ਸਿੱਖਸ ਆਫ਼ ਅਮੈਰਿਕਾ ਦੇ ਡਾਇਰੈਕਟਰ ਸੁਖਪਾਲ ਸਿੰਘ ਧਨੋਆ ਨੇ ਆਪਣੇ ਸਬੰਧੋਨ ‘ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਸੰਖੇਪ ਚਾਨਣਾ ਪਾਇਆ ਅਤੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਉਨਾਂ ਦਾ ਧੰਨਵਾਦ ਕੀਤਾ। ਕਾਂਗਰਸਮੈਨ ਗਲੈੱਨ ਆਈ.ਵੀ. ਨੇ ਆਪਣੇ ਸੰਬੋਧਨੀ ਭਾਸ਼ਣ ਵਿਚ ਕਿਹਾ ਕਿ ਉਹ ਸਿੱਖਜ਼ ਹੀਰੋਜ਼ ਨੂੰ ਸਲਾਮ ਕਰਦੇ ਹਨ ਅਤੇ ਆਸ ਕਰਦੇ ਹਨ ਉਹ ਅੱਗੇ ਵੀ ਅਮਰੀਕਾ ਦੀ ਤਰੱਕੀ ਵਿਚ ਯੋਗਦਾਨ ਪਾਉਂਦੇ ਰਹਿਣਗੇ। ਇਸ ਉਪਰੰਤ ਪਿਸਤਾ ਕਿੰਗ ਮਨਰਾਜ ਕਾਹਲੋਂ ਨੇ ਸਿੱਖਸ ਆਫ ਅਮੈਰਿਕਾ ਵਲੋਂ ਕੀਤੇ ਜਾ ਰਹੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ ਜਿਹੇ ਸਨਮਾਨਾਂ ਨਾਲ ਹੋਰ ਵੀ ਤਰੱਕੀ ਕਰਨ ਦੀ ਚਾਹਤ ਪੈਦਾ ਹੁੰਦੀ ਹੈ।
ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਜਦੋਂ ਆਪਣੇ ਭਾਈਚਾਰੇ ਤੋਂ ਸਨਮਾਨ ਮਿਲਦਾ ਹੈ ਤਾਂ ਉਸਦੀ ਖੁਸ਼ੀ ਅਲੱਗ ਹੀ ਹੁੰਦੀ ਹੈ। ਮੈਂ ਇਸ ਸਨਮਾਨ ਲਈ ਸਿੱਖਸ ਆਫ਼ ਅਮੈਰਿਕਾ ਦਾ ਧੰਨਵਾਦ ਕਰਦਾ ਹਾਂ। ਅੰਤ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਹਾਈ ਕਮਿਸ਼ਨ ਇਨ ਯੂ.ਐੱਸ ਨੇ ਕਿਹਾ ਕਿ ਅਮਰੀਕੀ ਸਿੱਖਾਂ ਵਲੋਂ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਕਾਰਨ ਜਿੱਥੇ ਅਮਰੀਕਾ ਦਾ ਨਾਮ ਰੌਸ਼ਨ ਹੁੰਦਾ ਹੈ, ਉੱਥੇ ਭਾਰਤ ਨੂੰ ਵੀ ਉਨਾਂ ‘ਤੇ ਮਾਣ ਹੁੰਦਾ ਹੈ। ਇਸ ਮੌਕੇ ਉਨਾਂ ਭਾਰਤ ਦੇਸ਼ ਦੀ ਤਰੱਕੀ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਸਮੂਹ ਭਾਈਚਾਰੇ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਹੋਇਆਂ ਕਿਹਾ ਕਿ ਇਸ ਮੁਬਾਰਕ ਦਿਨ ‘ਤੇ ਅੱਜ ਮੈਨੂੰ ‘ਸਿੱਖ ਹੀਰੋਜ਼ ਐਵਾਰਡ’ ਹਾਸਲ ਕਰ ਕੇ ਮਾਣ ਮਹਿਸੂਸ ਹੋਇਆ ਹੈ ਅਤੇ ਮੈਂ ਇਸ ਮਾਣ ਸਨਮਾਨ ਲਈ ਸਿੱਖਸ ਆਫ ਅਮੈਰਿਕਾ ਦਾ ਧੰਨਵਾਦ ਕਰਦਾ ਹਾਂ। ਉਨਾਂ ਕਿਹਾ ਕਿ ਸਿੱਖ ਧਰਮ ਦੇ ਮੂਲ ਸਿਧਾਂਤਾਂ ਵਿਚ ਸਰਬੱਤ ਦਾ ਭਲਾ, ਏਕਤਾ, ਬਰਾਬਰਤਾ, ਇਮਾਨਦਾਰ ਜੀਵਨ, ਸੇਵਾ, ਸਿਮਰਨ, ਭਗਤੀ, ਮਾਨਸਿਕ ਸ਼ਾਂਤੀ, ਸਾਂਝੀ ਵਾਲਤਾ ਸ਼ਾਮਲ ਹਨ, ਜਿਨ੍ਹਾਂ ‘ਤੇ ਚੱਲਣਾ ਹਰ ਸਿੱਖ ਦਾ ਫਰਜ਼ ਹੈ।
ਇਸ ਸਮਾਗਮ ਵਿਚ ਵਾਸ਼ਿੰਗਟਨ ਡੀ.ਸੀ., ਮੈਰੀਲੈਂਡ ਅਤੇ ਬਾਲਟੀਮੋਟਰ ਦੇ ਗੁਰੂਘਰਾਂ ਦੇ ਨੁਮਾਇੰਦੇ ਅਤੇ ਸੰਗਤਾਂ ਵੱਡੀ ਗਿਣਤੀ ‘ਚ ਸ਼ਾਮਲ ਹੋਈਆਂ ਅਤੇ ਵਿਸ਼ੇਸ਼ ਤੌਰ ‘ਤੇ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਨੀ, ਚੇਅਰਮੈਨ ਚਰਨਜੀਤ ਸਿੰਘ ਸਰਪੰਚ ਅਤੇ ਜੀ.ਐੱਨ.ਐੱਫ.ਏ ਦੇ ਨੁਮਾਇੰਦੇ ਵੀ ਸ਼ਾਮਲ ਸਨ।