18.4 C
Sacramento
Friday, September 22, 2023
spot_img

ਵਿਸ਼ਵ ਗੱਤਕਾ ਫੈਡਰੇਸ਼ਨ ਦਾ ਟੀਚਾ ਗੱਤਕੇ ਨੂੰ ਉਲੰਪਿਕ ਖੇਡਾਂ ‘ਚ ਸ਼ਾਮਲ ਕਰਵਾਉਣਾ : ਹਰਜੀਤ ਗਰੇਵਾਲ

– ਗੱਤਕੇ ਦੀ ਪ੍ਰਫੁੱਲਤਾ ਲਈ ਹਰਜੀਤ ਗਰੇਵਾਲ ਤੇ ਦੀਪ ਸਿੰਘ ਦਾ ਅਮਰੀਕਾ ‘ਚ ਸਨਮਾਨ
ਸੈਕਰਾਮੈਂਟੋ, 19 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਗੱਤਕੇ ਨੂੰ ਭਾਰਤ ਦੀਆਂ ਵੱਕਾਰੀ ਨੈਸ਼ਨਲ ਖੇਡਾਂ ਵਿਚ ਸ਼ਾਮਲ ਕਰਾਉਣ ਪਿੱਛੋਂ ਹੁਣ ਅਗਲਾ ਟੀਚਾ ਪੜਾਅਵਾਰ ਏਸ਼ੀਆਈ ਖੇਡਾਂ, ਕਾਮਨਵੈਲਥ ਖੇਡਾਂ ਤੇ ਉਲੰਪਿਕ ਖੇਡਾਂ ਵਿਚ ਸ਼ਾਮਲ ਕਰਵਾਉਣਾ ਹੈ। ਇਸ ਤੋਂ ਇਲਾਵਾ ਗੱਤਕਾ ਆਫੀਸ਼ੀਅਲਾਂ ਨੂੰ ਢੁੱਕਵੀਂ ਸਿਖਲਾਈ ਦੇਣ ਤੇ ਵਿਗਿਆਨਿਕ ਖੋਜਾਂ ਲਈ ਉਨ੍ਹਾਂ ਵੱਲੋਂ ਕੌਮਾਂਤਰੀ ਪੱਧਰ ਦੀ ਇੱਕ ਬਿਹਤਰੀਨ ਗੱਤਕਾ ਟ੍ਰੇਨਿੰਗ ਤੇ ਰਿਸਰਚ ਅਕੈਡਮੀ ਸਥਾਪਿਤ ਕਰਨ ਦੀ ਯੋਜਨਾ ਵੀ ਹੈ। ਗੱਤਕਾ ਖੇਡ ਦੀ ਪ੍ਰਫੁੱਲਤਾ ਲਈ ਆਪਣੇ ਵਿਸ਼ਵ ਦੌਰੇ ਦੌਰਾਨ ਅਮਰੀਕਾ ਪੁੱਜੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਨੇ ਇਹ ਐਲਾਨ ਗੁਰਦੁਆਰਾ ਸਾਹਿਬ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ, ਪਲੇਨਫੀਲਡ, ਇੰਡਿਆਨਾ ਵਿਖੇ ਇੱਕ ਮੀਟਿੰਗ ਦੌਰਾਨ ਕੀਤਾ, ਜਿਸ ਵਿਚ ਹੋਰਨਾਂ ਤੋਂ ਇਲਾਵਾ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਦੀਪ ਸਿੰਘ ਅਤੇ ਭਾਈ ਮੁਖਤਿਆਰ ਸਿੰਘ ਮੁਖੀ ਟੋਡਰਵਾਲ, ਬਾਬਾ ਮਨਮੋਹਨ ਸਿੰਘ ਬਾਰਨ, ਪਟਿਆਲਾ, ਸ. ਅਮਰਦੀਪ ਸਿੰਘ, ਚੇਅਰਮੈਨ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ, ਗ੍ਰੀਨਵੁੱਡ, ਇੰਡੀਆਨਾ, ਯੂ.ਐੱਸ.ਏ. ਅਤੇ ਸ. ਸਿਮਰਨਜੀਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਉਕਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਹਰਜੀਤ ਸਿੰਘ ਗਰੇਵਾਲ ਅਤੇ ਡਾ. ਦੀਪ ਸਿੰਘ ਨੂੰ ਗੱਤਕੇ ਨੂੰ ਕੌਮੀ ਪੱਧਰ ‘ਤੇ ਮਾਨਤਾ ਦਿਵਾਉਣ ਅਤੇ ਅਣਥੱਕ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ ਵੀ ਕੀਤਾ ਗਿਆ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਮਈ ਮਹੀਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਉੱਦਮ ਸਦਕਾ ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਗੱਤਕੇ ਨੂੰ ਬਤੌਰ ਖੇਡ ਵਜੋਂ ਮਾਨਤਾ ਦਿੰਦਿਆਂ 37ਵੀਆਂ ਨੈਸ਼ਨਲ ਖੇਡਾਂ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਗੱਤਕਾ ਖੇਡ ਨੂੰ ਖੇਲੋ ਇੰਡੀਆ ਯੁਵਾ ਖੇਡਾਂ, ਆਲ ਇੰਡੀਆ ਅੰਤਰ ਯੂਨੀਵਰਸਿਟੀ ਖੇਡਾਂ ਅਤੇ ਰਾਸ਼ਟਰੀ ਸਕੂਲ ਖੇਡਾਂ ਵਿਚ ਵੀ ਸ਼ਾਮਲ ਕਰਵਾਇਆ ਜਾ ਚੁੱਕਾ ਹੈ। ਗੱਤਕਾ ਪ੍ਰਮੋਟਰ ਸ. ਗਰੇਵਾਲ, ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਗੱਤਕੇ ਨੂੰ ਪੰਜਾਬ ਸਪੋਰਟਸ ਗ੍ਰੇਡੇਸ਼ਨ ਸੂਚੀ ‘ਚ ਸ਼ਾਮਲ ਕਰਾਉਣ ਸਦਕਾ ਗੱਤਕਾ ਖਿਡਾਰੀ ਵੀ ਸਰਕਾਰੀ ਨੌਕਰੀਆਂ ‘ਚ ਭਰਤੀ ਹੋਣ ਸਮੇਂ ਅਤੇ ਵਿੱਦਿਅਕ ਅਦਾਰਿਆਂ ਵਿਚ ਦਾਖਲੇ ਵੇਲੇ 3 ਫ਼ੀਸਦੀ ਖੇਡ ਕੋਟੇ ਦੇ ਤਹਿਤ ਲਾਭ ਲੈਣ ਦੇ ਯੋਗ ਹੋਏ ਹਨ। ਇਸ ਤੋਂ ਇਲਾਵਾ ਛੋਟੇ ਬੱਚਿਆਂ ਦੀ ਜਾਣਕਾਰੀ ਹਿੱਤ ਸਕੂਲੀ ਸਿਲੇਬਸ ਦੀ ਪੰਜਵੀਂ ਤੇ ਦਸਵੀਂ ਜਮਾਤ ਦੀ ਪਾਠ ਪੁਸਤਕ ਵਿਚ ਗੱਤਕੇ ਬਾਰੇ ਇੱਕ ਪਾਠ (ਲੈਸਨ) ਸ਼ਾਮਲ ਕਰਵਾਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਦੌਰੇ ਦੌਰਾਨ ਵੱਖ-ਵੱਖ ਮੁਲਕਾਂ ਅਤੇ ਸਟੇਟਾਂ ਵਿਚ ਗੱਤਕਾ ਅਖਾੜਿਆਂ ਅਤੇ ਗੁਰੂ ਘਰਾਂ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ, ਤਾਂ ਜੋ ਗੱਤਕੇ ਦਾ ਕੌਮਾਂਤਰੀ ਪੱਧਰ ‘ਤੇ ਢੁੱਕਵਾਂ ਪ੍ਰਚਾਰ ਅਤੇ ਪਸਾਰ ਕਰਦੇ ਹੋਏ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਸਕੇ।
ਇਸ ਮੌਕੇ ਗੱਲਬਾਤ ਕਰਦਿਆਂ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਦੀਪ ਸਿੰਘ ਨੇ ਖੁਲਾਸਾ ਕੀਤਾ ਕਿ ਗੱਤਕਾ ਫੈਡਰੇਸ਼ਨ ਯੂ.ਐੱਸ.ਏ. ਵੱਲੋਂ ਅਮਰੀਕਾ ਦੇ ਸਾਰੇ ਰਾਜਾਂ ਵਿਚ ਰਾਜ ਪੱਧਰੀ ਗੱਤਕਾ ਐਸੋਸੀਏਸ਼ਨਾਂ ਦਾ ਗਠਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਅਮਰੀਕਾ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਨ ਕਮੇਟੀਆਂ ਨਾਲ ਜੁੜ ਕੇ ਨਵੇਂ ਗੱਤਕਾ ਸਿਖਲਾਈ ਕੇਂਦਰ/ ਅਖਾੜੇ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਸਮੂਹ ਹਾਜ਼ਰੀਨ ਨੇ ਗੱਤਕਾ ਫੈਡਰੇਸ਼ਨ ਅਮਰੀਕਾ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

Related Articles

Stay Connected

0FansLike
3,868FollowersFollow
21,200SubscribersSubscribe
- Advertisement -spot_img

Latest Articles