#INDIA

ਵਿਰੋਧੀ ਧਿਰ ‘ਚ ਏਕੇ ਦੇ ਯਤਨਾਂ ਤਹਿਤ ਨਿਤੀਸ਼ ਨੇ ਬੰਨ੍ਹਿਆ ਮੁੱਢ

* ਤੇਜਸਵੀ ਨੂੰ ਲੈ ਕੇ ਦਿੱਲੀ ‘ਚ ਖੜਗੇ ਅਤੇ ਰਾਹੁਲ ਨਾਲ ਕੀਤੀ ‘ਇਤਿਹਾਸਕ’ ਮੁਲਾਕਾਤ
* ਆਗਾਮੀ ਲੋਕ ਸਭਾ ਚੋਣਾਂ ਵਿਚ ਹੋਰ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਕੇ ਭਾਜਪਾ ਖ਼ਿਲਾਫ਼ ਡਟਣ ਦਾ ਲਿਆ ਅਹਿਦ
ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਮੇਲ)- ਵਿਰੋਧੀ ਧਿਰਾਂ ‘ਚ ਏਕੇ ਦੇ ਯਤਨਾਂ ਤਹਿਤ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਉਨ੍ਹਾਂ ਦੇ ਡਿਪਟੀ ਤੇਜਸਵੀ ਯਾਦਵ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨਾਲ ਇਥੇ ‘ਇਤਿਹਾਸਕ’ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਫ਼ੈਸਲਾ ਲਿਆ ਗਿਆ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਦੇ ਟਾਕਰੇ ਲਈ ਵਧ ਤੋਂ ਵਧ ਵਿਰੋਧੀ ਧਿਰਾਂ ਨੂੰ ਨਾਲ ਰਲਾਇਆ ਜਾਵੇ। ਮੀਟਿੰਗ ਮਗਰੋਂ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ, ”ਵਿਰੋਧੀ ਧਿਰ ਇਕੱਠਿਆਂ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਕਰੇਗੀ ਅਤੇ ਦੇਸ਼ ਨੂੰ ਨਵੇਂ ਸੇਧ ਦੇਵੇਗੀ।” ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਰਲ ਕੇ ਦੇਸ਼ ਲਈ ਨਜ਼ਰੀਆ ਤਿਆਰ ਕਰੇਗੀ ਅਤੇ ਉਸ ਨੂੰ ਲੋਕਾਂ ਸਾਹਮਣੇ ਰੱਖਿਆ ਜਾਵੇਗਾ ਕਿਉਂਕਿ ਉਹ ਵਿਚਾਰਧਾਰਕ ਜੰਗ ਇਕੱਠਿਆਂ ਲੜ ਰਹੀ ਹੈ। ਨਿਤੀਸ਼ ਕੁਮਾਰ ਨੇ ਕਿਹਾ,”ਅਸੀਂ ਜ਼ਿਆਦਾ ਤੋਂ ਜ਼ਿਆਦਾ ਪਾਰਟੀਆਂ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਕਰਾਂਗੇ। ਅਸੀਂ ਫ਼ੈਸਲਾ ਲਿਆ ਹੈ ਕਿ ਸਾਰੇ ਇਕੱਠੇ ਕੰਮ ਕਰਾਂਗੇ।” ਉਨ੍ਹਾਂ ਕਿਹਾ ਕਿ ਅੱਜ ਦੇ ਵਿਚਾਰ ਵਟਾਂਦਰੇ ਮਗਰੋਂ ਅਸੀਂ ਅੱਗੇ ਵਧਾਂਗੇ। ‘ਜਿਹੜੇ ਸਹਿਮਤ ਹੋਣਗੇ, ਉਹ ਰਲ ਕੇ ਭਵਿੱਖ ਦੀ ਰਣਨੀਤੀ ਬਣਾਉਣਗੇ।’ ਵਿਰੋਧੀ ਧਿਰ ‘ਚ ਏਕੇ ਦੀ ਇਹ ਪਹਿਲੀ ਰਸਮੀ ਕੋਸ਼ਿਸ਼ ਹੈ ਅਤੇ ਆਉਂਦੇ ਦਿਨਾਂ ‘ਚ ਕਾਂਗਰਸ ਪ੍ਰਧਾਨ ਵੱਲੋਂ ਵੱਖ ਵੱਖ ਵਿਰੋਧੀ ਧਿਰਾਂ ਦੇ ਸਿਖਰਲੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ। ਜਨਤਾ ਦਲ (ਯੂ) ਨੇ ਟਵੀਟ ਕਰਕੇ ਕਿਹਾ ਕਿ ਨਿਤੀਸ਼ ਕੁਮਾਰ 2024 ਦੀਆਂ ਲੋਕ ਸਭਾ ਚੋਣਾਂ ‘ਚ ਵਿਰੋਧੀ ਧਿਰ ਦੀ ਏਕਤਾ ਦਾ ਮੁੱਖ ਧੁਰਾ ਸਾਬਿਤ ਹੋਣਗੇ।
ਨਿਤੀਸ਼ ਕੁਮਾਰ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਖੜਗੇ ਨੇ ਕਿਹਾ,”ਅਸੀਂ ਇਥੇ ਇਤਿਹਾਸਕ ਮੀਟਿੰਗ ਕੀਤੀ ਹੈ। ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਹੋਇਆ ਹੈ ਅਤੇ ਫ਼ੈਸਲਾ ਲਿਆ ਗਿਆ ਹੈ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਇਕੱਠਾ ਕਰਾਂਗੇ ਅਤੇ ਸਾਂਝੇ ਤੌਰ ‘ਤੇ ਆਉਂਦੀਆਂ ਚੋਣਾਂ ਲੜਾਂਗੇ। ਅਸੀਂ ਇਸ ਟੀਚੇ ਨੂੰ ਪੂਰਾ ਕਰਨ ਲਈ ਰਲ ਕੇ ਕੰਮ ਕਰਾਂਗੇ।” ਰਾਹੁਲ ਗਾਂਧੀ ਨੇ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਲਈ ਕੀਤੀ ਗਈ ਮੀਟਿੰਗ ਨੂੰ ‘ਇਤਿਹਾਸਕ ਕਦਮ’ ਕਰਾਰ ਦਿੱਤਾ। ਜਦੋਂ ਉਨ੍ਹਾਂ ਤੋਂ ਇਕਜੁੱਟ ਹੋਣ ਵਾਲੀਆਂ ਪਾਰਟੀਆਂ ਦੀ ਗਿਣਤੀ ਬਾਰੇ ਪੁੱਛਿਆ ਗਿਆ ਤਾਂ ਰਾਹੁਲ ਨੇ ਕਿਹਾ ਕਿ ਇਹ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ‘ਅਸੀਂ ਅਦਾਰਿਆਂ ਅਤੇ ਦੇਸ਼ ‘ਤੇ ਹਮਲਿਆਂ ਖ਼ਿਲਾਫ਼ ਰਲ ਕੇ ਲੜਾਂਗੇ।’
ਖੜਗੇ ਦੀ ਰਿਹਾਇਸ਼ ‘ਤੇ ਇਹ ਮੀਟਿੰਗ ਉਸ ਸਮੇਂ ਹੋਈ ਹੈ ਜਦੋਂ ਹਮਖਿਆਲ ਪਾਰਟੀਆਂ ਭਾਜਪਾ ਨੂੰ ਹਰਾਉਣ ਲਈ ਸਾਂਝੇ ਮੰਚ ‘ਤੇ ਇਕੱਠਿਆਂ ਆਉਣ ਲਈ ਗੱਲਬਾਤ ਕਰ ਰਹੀਆਂ ਹਨ। ਖੜਗੇ ਨੇ ਟਵੀਟ ਕਰਕੇ ਕਿਹਾ,”ਅਸੀਂ ਸੰਵਿਧਾਨ ਬਹਾਲ ਰੱਖਾਂਗੇ ਅਤੇ ਲੋਕਤੰਤਰ ਬਚਾਵਾਂਗੇ। ਰਾਹੁਲ ਗਾਂਧੀ ਜੀ ਅਤੇ ਮੈਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਜੀ, ਉਪ ਮੁੱਖ ਮੰਤਰੀ ਤੇਜਸਵੀ ਯਾਦਵ ਤੇ ਹੋਰ ਆਗੂਆਂ ਨਾਲ ਮੁਲਾਕਾਤ ਕੀਤੀ। ਅਸੀਂ ਲੋਕਾਂ ਦੀ ਆਵਾਜ਼ ਇਕੱਠਿਆਂ ਬੁਲੰਦ ਕਰਨ ਅਤੇ ਦੇਸ਼ ਨੂੰ ਨਵੀਂ ਸੇਧ ਦੇਣ ਦਾ ਅਹਿਦ ਦੁਹਰਾਇਆ।”
ਬਿਹਾਰ ਕਾਂਗਰਸ ਦੇ ਮੁਖੀ ਅਖਿਲੇਸ਼ ਪ੍ਰਸਾਦ ਸਿੰਘ ਨੇ ਕਿਹਾ ਕਿ ਮੀਟਿੰਗ ਦਾ ਮਨੋਰਥ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਕਰਨਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵਿਰੋਧੀ ਧਿਰ ਦੇ ਆਗੂਆਂ ਕੋਲ ਪਹੁੰਚ ਕਰਨ ਲਈ ਵਿਸ਼ੇਸ਼ ਕੰਮ ਸੌਂਪਿਆ ਗਿਆ ਹੈ। ਕਾਂਗਰਸ ਵੀ ਕੁਝ ਪਾਰਟੀਆਂ ਨਾਲ ਗੱਲਬਾਤ ਕਰ ਰਹੀ ਹੈ। ਸਾਰੇ ਆਗੂਆਂ ਨੇ ਖੜਗੇ ਦੀ ਰਿਹਾਇਸ਼ ‘ਤੇ ਦੁਪਹਿਰ ਦੀ ਰੋਟੀ ਵੀ ਖਾਧੀ। ਮੀਟਿੰਗ ‘ਚ ਜਨਤਾ ਦਲ (ਯੂ) ਦੇ ਪ੍ਰਧਾਨ ਲੱਲਣ ਸਿੰਘ, ਬਿਹਾਰ ਕਾਂਗਰਸ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ, ਕਾਂਗਰਸ ਆਗੂ ਸਲਮਾਨ ਖੁਰਸ਼ੀਦ ਅਤੇ ਆਰ. ਜੇ. ਡੀ. ਆਗੂ ਮਨੋਜ ਝਾਅ ਵੀ ਹਾਜ਼ਰ ਸਨ। ਆਪਣੇ ਦਿੱਲੀ ਦੌਰੇ ਦੌਰਾਨ ਨਿਤੀਸ਼ ਕੁਮਾਰ ਦੇ ਹੋਰ ਕਈ ਪਾਰਟੀਆਂ ਦੇ ਆਗੂਆਂ ਨਾਲ ਵੀ ਮਿਲਣ ਦੀ ਸੰਭਾਵਨਾ ਹੈ। ਖੜਗੇ ਪਹਿਲਾਂ ਹੀ ਐੱਮ. ਕੇ. ਸਟਾਲਿਨ ਅਤੇ ਊਧਵ ਠਾਕਰੇ ਨਾਲ ਗੱਲਬਾਤ ਕਰ ਚੁੱਕੇ ਹਨ।

ਕੇਜਰੀਵਾਲ ਵੱਲੋਂ ਨਿਤੀਸ਼ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਮੌਕੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਬਿਹਾਰ ਦੇ ਹਮਰੁਤਬਾ ਅਤੇ ਜਨਤਾ ਦਲ (ਯੂ) ਆਗੂ ਨਿਤੀਸ਼ ਕੁਮਾਰ ਵੱਲੋਂ ਸਾਰੀਆਂ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਏਕੇ ਲਈ ਉਨ੍ਹਾਂ ਨੂੰ ਪੂਰੀ ਹਮਾਇਤ ਦਿੱਤੀ। ਆਪਣੀ ਰਿਹਾਇਸ਼ ‘ਤੇ ਨਿਤੀਸ਼ ਕੁਮਾਰ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ, ”ਮੁਲਕ ਬਹੁਤ ਹੀ ਮੁਸ਼ਕਲ ਦੌਰ ‘ਚੋਂ ਗੁਜ਼ਰ ਰਿਹਾ ਹੈ। ਆਜ਼ਾਦੀ ਤੋਂ ਬਾਅਦ ਕੇਂਦਰ ‘ਚ ਸ਼ਾਇਦ ਇਹ ਸਭ ਤੋਂ ਵੱਧ ਭ੍ਰਿਸ਼ਟ ਸਰਕਾਰ ਹੈ। ਹਾਲਾਤ ਇੰਨੇ ਖ਼ਰਾਬ ਹਨ ਕਿ ਆਮ ਲੋਕਾਂ ਨੂੰ ਆਪਣੇ ਖ਼ਰਚੇ ਪੂਰੇ ਕਰਨ ਲਈ ਜੂਝਣਾ ਪੈ ਰਿਹਾ ਹੈ।” ਉਨ੍ਹਾਂ ਕਿਹਾ ਕਿ ਸਾਰੀ ਵਿਰੋਧੀ ਧਿਰ ਨੂੰ ਰਲ ਕੇ ਕੇਂਦਰ ‘ਤੇ ਕਾਬਜ਼ ਸਰਕਾਰ ਨੂੰ ਬਦਲਣ ਦੀ ਲੋੜ ਹੈ। ”ਨਿਤੀਸ਼ ਜੀ ਹਰ ਕਿਸੇ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।” ਬਿਹਾਰ ਦੇ ਮੁੱਖ ਮੰਤਰੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਨਿਤੀਸ਼ ਕੁਮਾਰ ਨਾਲ ਹਨ। ਇਸ ਮੌਕੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਹਾਜ਼ਰ ਸਨ। ਨਿਤੀਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕਰਨ ਬਾਰੇ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਜਿਹੇ ਸਵਾਲਾਂ ਦੇ ਜਵਾਬ ਸਿਰਫ਼ ਇਕ ਮੀਟਿੰਗ ‘ਚ ਨਹੀਂ ਦਿੱਤੇ ਜਾ ਸਕਦੇ ਹਨ।

Leave a comment