#PUNJAB

ਵਿਦੇਸ਼ ਜਾਣ ਦੀ ਵਧਦੀ ਖਾਹਿਸ਼ ਨੇ ਪੰਜਾਬ ਦੇ ਕਈ ਕਾਲਜ ਨੂੰ ਕੀਤਾ ਖਾਲੀ!

ਬੀਤੇ ਛੇ ਸਾਲਾਂ ‘ਚ ਕਾਲਜ ਵਿਚਾਲੇ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ 15-40 ਫੀਸਦੀ ਤੱਕ ਵਧੀ
-ਸਾਲ ਦਾ ਡਿਪਲੋਮਾ ਕੋਰਸ ਲੈ, ਵੀਜ਼ਾ ਮਿਲਦੇ ਹੀ ਵਿਦਿਆਰਥੀ ਮਾਰ ਜਾਂਦੇ ਨੇ ਉਡਾਰੀ
ਜਲੰਧਰ, 19 ਜੂਨ (ਪੰਜਾਬ ਮੇਲ)- ਪੰਜਾਬ ‘ਚ ਇਕ ਪਾਸੇ ਜਿੱਥੇ ‘ਆਈਲਟਸ’ ਕੇਂਦਰਾਂ ਅੱਗੇ ਕਤਾਰਾਂ ਲੰਮੀਆਂ ਹੁੰਦੀਆਂ ਜਾ ਰਹੀਆਂ ਹਨ, ਉੱਥੇ ਦੂਜੇ ਪਾਸੇ ਕਾਲਜਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਇਸ ਫ਼ਰਕ ਤੇ ਵਿਦੇਸ਼ ਜਾਣ ਦੀ ਵਧਦੀ ਖ਼ਾਹਿਸ਼ ਨੇ ਕਈ ਕਾਲਜਾਂ ਨੂੰ ਲਗਪਗ ਖਾਲੀ ਹੀ ਕਰ ਦਿੱਤਾ ਹੈ। ਕਾਲਜ ਪ੍ਰਿੰਸੀਪਲਾਂ ਦਾ ਕਹਿਣਾ ਹੈ ਕਿ ਕਾਲਜ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਪਿਛਲੇ 5-6 ਸਾਲਾਂ ਵਿਚ 15 ਤੋਂ 40 ਪ੍ਰਤੀਸ਼ਤ ਦਾ ਵਾਧਾ ਦੇਖਿਆ ਗਿਆ ਹੈ। ਮਾਸਟਰਜ਼ (ਐੱਮ.ਏ.) ਪੱਧਰ ਦੇ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਐਨੇ ਘੱਟ ਹਨ ਕਿ ਕਈ ਕਾਲਜਾਂ ਨੂੰ ਇਹ ਕਲਾਸਾਂ ਬੰਦ ਕਰਨੀਆਂ ਪਈਆਂ ਹਨ। ਮਿਸਾਲ ਵਜੋਂ ਨਕੋਦਰ ਦਾ ਗੁਰੂ ਨਾਨਕ ਨੈਸ਼ਨਲ ਕਾਲਜ, ਜੋ ਕਿ 1969 ਤੋਂ ਚੱਲ ਰਿਹਾ ਹੈ, ‘ਚ ਵਿਦਿਆਰਥੀਆਂ ਦੀ ਗਿਣਤੀ ਇਸ ਵੇਲੇ ਕਰੀਬ 500 ਹੈ, ਜੋ ਕਿ ਕਿਸੇ ਵੇਲੇ 1500 ਤੋਂ ਵੱਧ ਹੁੰਦੀ ਸੀ। ਪਿਛਲੇ ਸਾਲ 250 ਵਿਦਿਆਰਥੀਆਂ ਨੇ ਗ੍ਰੈਜੂਏਸ਼ਨ ਕੋਰਸਾਂ ਲਈ ਪਹਿਲੇ ਸਾਲ ਵਿਚ ਦਾਖਲਾ ਲਿਆ ਸੀ। ਜਦਕਿ ਦੂਜੇ ਸਾਲ ਵਿਚ ਇਹ ਗਿਣਤੀ 125 ਰਹਿ ਗਈ। ਕਾਲਜ ਦੇ ਪ੍ਰਿੰਸੀਪਲ ਪ੍ਰਬਲ ਜੋਸ਼ੀ ਨੇ ਕਿਹਾ ਕਿ ‘ਵਿਦਿਆਰਥੀ ਇਹ ਕਹਿ ਕੇ ਦਾਖਲਾ ਲੈਂਦੇ ਹਨ ਕਿ ਵੀਜ਼ਾ ਆਉਣ ‘ਤੇ ਉਹ ਕੋਰਸ ਛੱਡ ਦੇਣਗੇ।’ ਇਸੇ ਤਰ੍ਹਾਂ ਬੀ.ਡੀ. ਆਰੀਆ ਕਾਲਜ ‘ਚ ਵਿਦਿਆਰਥੀਆਂ ਦੀ ਗਿਣਤੀ ਵੀ 300 ਹੀ ਹੈ। ਕਾਲਜ ਪ੍ਰਸ਼ਾਸਨ ਨੇ ਦਾਖਲਾ ਨਾ ਹੋਣ ਕਰ ਕੇ ਮਾਸਟਰਜ਼ ਬੰਦ ਕਰ ਦਿੱਤੀ ਹੈ।
ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਪਰਮਿੰਦਰ ਕੌਰ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਹਾਲ ਹੀ ਵਿਚ ਕੇਂਦਰੀ ਸਿੱਖਿਆ ਮੰਤਰੀ ਨੂੰ ਮਿਲੇ ਸਨ। ਉਨ੍ਹਾਂ ਕਿਹਾ, ‘ਮੈਂ ਮੰਤਰੀ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦਾ ਇਨ੍ਹਾਂ ਕਾਲਜਾਂ ਵਿਚ ਰੁਕਣਾ ਤੇ ਪੜ੍ਹਨਾ ਯਕੀਨੀ ਬਣਾਉਣ ਲਈ ਕੁਝ ਨਾ ਕੁਝ ਕਰਨ ਦੀ ਲੋੜ ਹੈ।’ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਫਾਰ ਵਿਮੈੱਨ ਢੰਡੋਵਾਲ ਵਿਚ ਮਹਿਜ਼ 100 ਵਿਦਿਆਰਥੀ ਬਚੇ ਹਨ ਤੇ ਇਸ ਸਾਲ ਕਾਲਜ ਵਿਚ ਮਾਸਟਰਜ਼ ਕੋਰਸ ਬੰਦ ਕਰ ਦਿੱਤਾ ਗਿਆ ਹੈ।
ਸੰਨ 1970 ਤੋਂ ਨਕੋਦਰ ‘ਚ ਚੱਲ ਰਹੇ ਡੀ.ਏ.ਵੀ. ਕਾਲਜ ‘ਚ ਵਿਦਿਆਰਥੀਆਂ ਦੀ ਗਿਣਤੀ ਸਿਰਫ਼ 450 ਰਹਿ ਗਈ ਹੈ। ਕਾਲਜ ਪ੍ਰਿੰਸੀਪਲ ਅਨੂਪ ਵਤਸ ਨੇ ਕਿਹਾ ਕਿ ਇਹ ਕਾਲਜ ਇਲਾਕੇ ਵਿਚ ਲੋਕਾਂ ਦੀ ਵੱਡੀ ਮੰਗ ‘ਤੇ ਸਥਾਪਿਤ ਹੋਇਆ ਸੀ।
ਕਿਸੇ ਵੇਲੇ ਇੱਥੇ ਮਹਿਤਪੁਰ, ਨੂਰਮਹਿਲ ਤੇ ਸ਼ਾਹਕੋਟ ਤੋਂ ਵਿਦਿਆਰਥੀ ਆਉਂਦੇ ਸਨ, ਪਰ ਹੁਣ ਵਿਦਿਆਰਥੀ ਬਸ ਉਡਾਰੀ ਮਾਰਨ ਲਈ ਤਿਆਰ ਰਹਿੰਦੇ ਹਨ, ਜਦ ਵੀ ਮੌਕਾ ਮਿਲਦਾ ਹੈ, ਉਹ ਬਸ ਚਲੇ ਜਾਂਦੇ ਹਨ। ਕਾਲਜ ਪ੍ਰਿੰਸੀਪਲਾਂ ਨੇ ਕਿਹਾ ਕਿ ਸਰਕਾਰ ਨੂੰ ਇਸ ‘ਬਰੇਨ ਡਰੇਨ’ ਨੂੰ ਰੋਕਣ ਲਈ ਕੁਝ ਕਦਮ ਚੁੱਕਣੇ ਚਾਹੀਦੇ ਹਨ ਤੇ ਪੰਜਾਬ ਵਿਚ ਉੱਚ ਸਿੱਖਿਆ ਨੂੰ ਬਚਾਉਣਾ ਚਾਹੀਦਾ ਹੈ।
ਡੀ.ਏ.ਵੀ. ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਵਿਦਿਆਰਥੀ ਹੁਣ ਡਿਗਰੀ ਕੋਰਸਾਂ ਦੀ ਬਜਾਏ ਇਕ ਸਾਲ ਦੇ ਡਿਪਲੋਮਾ ਕੋਰਸਾਂ ਨੂੰ ਹੀ ਪਹਿਲ ਦੇ ਰਹੇ ਹਨ। ਉਨ੍ਹਾਂ ਕਿਹਾ, ‘ਉਹ ਆਪਣੇ ਵੀਜ਼ੇ ਦੀ ਉਡੀਕ ਕਰਦੇ ਹਨ ਤੇ ਜਦ ਵੀ ਲੱਗਦਾ ਹੈ, ਚਲੇ ਜਾਂਦੇ ਹਨ। ਇਕ ਸਾਲ ਦੇ ਡਿਪਲੋਮੇ ਵਿਚ ਉਹ ਇਸ ਲਈ ਦਾਖਲਾ ਲੈਂਦੇ ਹਨ, ਤਾਂ ਜੋ ਪੜ੍ਹਾਈ ਦੀ ਲਗਾਤਾਰਤਾ ਨੂੰ ਕਾਇਮ ਰੱਖਿਆ ਦਰਸਾ ਸਕਣ।’ ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ, ਜਦ ਮਾਸਟਰਜ਼ ਵਿਚ ਦਾਖਲੇ ਲਈ ਪ੍ਰੀਖਿਆ ਹੁੰਦੀ ਸੀ, ਜਦਕਿ ਹੁਣ ਇਹ ਸੀਟਾਂ ਜ਼ਿਆਦਾਤਰ ਖਾਲੀ ਰਹਿੰਦੀਆਂ ਹਨ। ਜੀ.ਐੱਨ.ਡੀ.ਯੂ. ਕਾਲਜ ਨਕੋਦਰ ਤੋਂ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਏ ਜਸਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਨੌਜਵਾਨਾਂ ਦਾ ਸਰਕਾਰੀ ਤੰਤਰ ਵਿਚ ਯਕੀਨ ਖ਼ਤਮ ਹੋ ਗਿਆ ਹੈ, ਜੇਕਰ ਉਨ੍ਹਾਂ ਨੂੰ ਇੱਥੇ ਕੋਈ ਪੇਸ਼ਾ ਨਜ਼ਰ ਨਹੀਂ ਆਉਂਦਾ ਤਾਂ ਉਹ ਯਕੀਨੀ ਤੌਰ ਉਤੇ ਵਿਦੇਸ਼ਾਂ ਦਾ ਰੁਖ਼ ਕਰਦੇ ਹਨ।

Leave a comment