25.5 C
Sacramento
Sunday, September 24, 2023
spot_img

ਵਿਦਿਆਰਥੀ ਦੇਸ਼ ਨਿਕਾਲਾ ਮਾਮਲਾ: ਨਿੱਜੀ ਘੋਖ-ਪੜਤਾਲ ਤੈਅ ਕਰੇਗੀ ਹਰ ਵਿਦਿਆਰਥੀ ਦਾ ਭਵਿੱਖ

ਕੈਨੇਡਾ ਦੇ ਆਵਾਸ ਮੰਤਰੀ ਮੁਤਾਬਕ ਸਰਹੱਦੀ ਸੁਰੱਖਿਆ ਏਜੰਸੀ ਕਰੇਗੀ ਵਿਦਿਆਰਥੀਆਂ ਦੇ ਕੈਨੇਡਾ ਆਉਣ ਦੇ ਮਨਸ਼ਿਆਂ ਦੀ ਜਾਂਚ
ਵੈਨਕੂਵਰ, 16 ਜੂਨ (ਪੰਜਾਬ ਮੇਲ)- ਕੈਨੇਡਾ ਦੇ ਆਵਾਸ ਮੰਤਰੀ ਸ਼ੌਨ ਫ਼ਰੇਜ਼ਰ ਨੇ ਡਿਪੋਰਟ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਦੇ ਮਾਮਲੇ ‘ਚ ਮੀਡੀਆ ਰਿਪੋਰਟਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਸਮੁੱਚੇ ਵਿਦਿਆਰਥੀਆਂ ਦੇ ਭਵਿੱਖ ਬਾਰੇ ਫ਼ਿਲਹਾਲ ਕੋਈ ਭਰੋਸਾ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨਿਕਾਲੇ ਦੇ ਠੱਪੇ ਵਾਲੇ (ਡਿਪੋਰਟੇਸ਼ਨ) ਵਿਦਿਆਰਥੀਆਂ ਦੀਆਂ ਫਾਈਲਾਂ ਦੀ ਵਿਅਕਤੀਗਤ ਪੱਧਰ ਉਤੇ ਜਾਂਚ ਕਰ ਕੇ ਇਸ ਸਬੰਧੀ ਫੈਸਲਾ ਕੀਤਾ ਜਾਵੇਗਾ, ਜੋ ਹਰੇਕ ਲਈ ਵੱਖ-ਵੱਖ ਹੋ ਸਕਦਾ ਹੈ। ਆਵਾਸ ਮੰਤਰੀ ਨੇ ਕਿਹਾ ਕਿ ਅਜਿਹੇ ਵਿਦਿਆਰਥੀ ਜੋ ਜ਼ਿਆਦਾਤਰ ਭਾਰਤ ਤੋਂ ਹਨ, ਨੂੰ ਸੁਣਵਾਈ ਦਾ ਮੌਕਾ ਦੇ ਕੇ ਇਹ ਪਤਾ ਲਾਇਆ ਜਾਵੇਗਾ ਕਿ ਉਹ ਪੀੜਤ ਹਨ ਜਾਂ ਉਨ੍ਹਾਂ ਨੂੰ ਇਸ ਧੋਖਾਧੜੀ ਬਾਰੇ ਜਾਣਕਾਰੀ ਸੀ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਪੜ੍ਹਾਈ ਦੇ ਉਦੇਸ਼ ਨਾਲ ਕੈਨੇਡਾ ਵਿਚ ਹਨ, ਉਨ੍ਹਾਂ ਨੂੰ ਪੀੜਤ ਮੰਨ ਕੇ ਵਿਚਾਰਿਆ ਜਾਏਗਾ, ਪਰ ਜਿਹੜੇ ਪੜ੍ਹਾਈ ਦੇ ਪਰਦੇ ‘ਚ ਸਥਾਈ ਰਿਹਾਇਸ਼ (ਪੀ.ਆਰ.) ਦੇ ਇਰਾਦੇ ਨਾਲ ਆਏ ਹਨ, ਉਨ੍ਹਾਂ ਨੂੰ ਹਰ ਹਾਲਤ ਵਾਪਸ ਭੇਜਿਆ ਜਾਏਗਾ। ਮੰਤਰੀ ਨੇ ਕਿਹਾ ਕਿ ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ (ਸੀ.ਬੀ.ਐੱਸ.ਏ.) ਦੇ ਅਫ਼ਸਰਾਂ ਨੂੰ ਇਸ ਬਾਰੇ ਨਿਰਦੇਸ਼ ਦਿੱਤੇ ਗਏ ਹਨ, ਹਰੇਕ ਵਿਦਿਆਰਥੀ ਦੀ ਸੁਣਵਾਈ ਕਰ ਕੇ ਸੱਚਾਈ ਪਰਖਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਹਰੇਕ ਕੇਸ ਦਾ ਵਿਸ਼ਲੇਸ਼ਣ ਕੀਤੇ ਜਾਣ ਤੱਕ ‘ਅੰਤਰਿਮ ਮਿਆਦ’ ਲਈ ਵਿਦਿਆਰਥੀਆਂ ਦਾ ਦੇਸ਼ ਨਿਕਾਲਾ ਫ਼ਿਲਹਾਲ ਰੋਕਿਆ ਜਾ ਰਿਹਾ ਹੈ। ਜਾਂਚ ਲਈ ਆਈ.ਆਰ.ਸੀ.ਸੀ. ਤੇ ਸੀ.ਬੀ.ਐੱਸ.ਏ. ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ‘ਟਾਸਕ ਫੋਰਸ’ ਬਣਾਈ ਜਾ ਰਹੀ ਹੈ ਮੰਤਰੀ ਫਰੇਜ਼ਰ ਨੇ ਕਿਹਾ ਕਿ ਜਿਹੜਾ ਵਿਦਿਆਰਥੀ ਕੈਨੇਡਾ ਅਸਲ ‘ਚ ਪੜ੍ਹਾਈ ਕਰਨ ਦੇ ਹੀ ਇਰਾਦੇ ਨਾਲ ਆਇਆ ਸੀ, ਤੇ ਉਸ ਨੂੰ ਧੋਖਾਧੜੀ ਵਾਲੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਨਹੀਂ ਸੀ, ਉਸ ਨੂੰ ਅਸਥਾਈ ਵਸਨੀਕ ਪਰਮਿਟ (ਟੈਂਪਰੇਰੀ ਰੈਜ਼ੀਡੈਂਟ ਪਰਮਿਟ) ਜਾਰੀ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਇਹ ਸਾਰੇ ਵਿਦਿਆਰਥੀ ਜਲੰਧਰ ਅਧਾਰਿਤ ਏਜੰਟ ਬ੍ਰਿਜੇਸ਼ ਮਿਸ਼ਰਾ ਵੱਲੋਂ 2018-19 ਤੇ 2020 ‘ਚ ਕਥਿਤ ਜਾਅਲੀ ਦਸਤਾਵੇਜ਼ਾਂ ਦੇ ਅਧਾਰ ‘ਤੇ ਵੀਜਾ ਲਗਵਾ ਕੇ ਭੇਜੇ ਗਏ ਸਨ, ਜਿਨ੍ਹਾਂ ਜਦ ਪੱਕੇ ਹੋਣ ਲਈ ਫਾਈਲਾਂ ਭਰੀਆਂ ਤਾਂ ਇਸ ਧੋਖਾਧੜੀ ਦਾ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਬ੍ਰਿਜੇਸ਼ ਮਿਸ਼ਰਾ ਦਫ਼ਤਰ ਬੰਦ ਕਰਕੇ ਰੂਪੋਸ਼ ਹੋ ਚੁੱਕਾ ਹੈ। ਅਜਿਹੇ ਵਿਦਿਆਰਥੀਆਂ ਦੀ ਗਿਣਤੀ 600-700 ਦੇ ਵਿਚਾਲੇ ਹੈ, ਉਨ੍ਹਾਂ ਸਿਰ ਕਈ ਮਹੀਨਿਆਂ ਤੋਂ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ ਤੇ ਉਹ ਆਪਣੀ ਮਸੂਮੀਅਤ ਦੀ ਗੁਹਾਰ ਲਗਾ ਰਹੇ ਹਨ। ਉਨ੍ਹਾਂ ਟੋਰਾਂਟੋਂ ਏਅਰਪੋਰਟ ਰੋਡ ਉਤੇ ਕਈ ਦਿਨਾਂ ਤੋਂ ਧਰਨਾ ਵੀ ਲਾਇਆ ਹੋਇਆ ਹੈ। ਕੈਨੇਡੀਅਨ ਮੰਤਰੀ ਨੇ ਕਿਹਾ ਕਿ ਉਹ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਦੇਸ਼ ਲਈ ਦਿੱਤੇ ਜਾਂਦੇ ਯੋਗਦਾਨ ਨੂੰ ਮਾਨਤਾ ਦਿੰਦੇ ਹਨ। ਉਨ੍ਹਾਂ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪੱਧਰ ਉਤੇ ਵੀ ਸਾਰੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕਰਨ ਤੇ ਅਧਿਕਾਰਤ ਵੈੱਬਸਾਈਟਾਂ ਦੇਖਣ।
ਭਾਰਤ ਵਾਪਸੀ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੇ ਟੋਰਾਂਟੋ ਏਅਰਪੋਰਟ ਰੋਡ ਉਤੇ ਕਈ ਦਿਨਾਂ ਤੋਂ ਧਰਨਾ ਵੀ ਲਾਇਆ ਹੋਇਆ ਸੀ। ਹੁਣ ‘ਡਿਪੋਰਟੇਸ਼ਨ’ ਰੁਕਣ ਨਾਲ ਇਨ੍ਹਾਂ ਵਿਦਿਆਰਥੀਆਂ ਨੂੰ ਰਾਹਤ ਮਿਲੀ ਹੈ। ਜਾਂਚ ਮੁਕੰਮਲ ਹੋਣ ਤੱਕ ਇਨ੍ਹਾਂ ਦੀ ਭਾਰਤ ਵਾਪਸੀ ਉਤੇ ਰੋਕ ਲਾ ਦਿੱਤੀ ਗਈ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਕਈ ਸਥਾਨਕ ਸੰਗਠਨਾਂ, ਭਾਈਚਾਰੇ ਦੇ ਮੈਂਬਰਾਂ, ਸਥਾਨਕ ਕਾਰੋਬਾਰਾਂ ਤੇ ਕਲਾਕਾਰਾਂ ਦੀ ਹਮਾਇਤ ਵੀ ਮਿਲੀ ਹੈ।

Related Articles

Stay Connected

0FansLike
3,870FollowersFollow
21,200SubscribersSubscribe
- Advertisement -spot_img

Latest Articles