#PUNJAB

ਵਿਜੀਲੈਂਸ ਵੱਲੋਂ 24 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਜੂਨੀਅਰ ਸਹਾਇਕ ਕਾਬੂ

ਚੰਡੀਗੜ੍ਹ, 22 ਜੁਲਾਈ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਗਰ ਪੰਚਾਇਤ ਮਾਹਿਲਪੁਰ ਵਿਖੇ ਤਾਇਨਾਤ ਜੂਨੀਅਰ ਸਹਾਇਕ ਸ਼ੀਸ਼ਪਾਲ ਨੂੰ 24,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਜੂਨੀਅਰ ਸਹਾਇਕ ਨੂੰ ਰਵਿੰਦਰ ਕੁਮਾਰ ਵਾਸੀ ਊਨਾ (ਹਿਮਾਚਲ ਪ੍ਰਦੇਸ਼) ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਰਵਿੰਦਰ ਕੁਮਾਰ ਨੇ 14 ਜੁਲਾਈ ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 9501 200 200 ‘ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 2011 ਤੋਂ 2016 ਤੱਕ ਨਗਰ ਪੰਚਾਇਤ, ਮਾਹਿਲਪੁਰ ਵਿਖੇ ਸੈਕਸ਼ਨ ਅਫ਼ਸਰ ਵਜੋਂ ਤਾਇਨਾਤ ਸੀ ਅਤੇ ਉਸ ਵਿਰੁੱਧ ਥਾਣਾ ਮਾਹਿਲਪੁਰ ਵਿਖੇ ਧਾਰਾ 306, 506 ਤਹਿਤ ਦਰਜ ਕੀਤੇ ਗਏ ਕੇਸ ਵਿਚ ਦੋਸ਼ੀ ਪਾਏ ਜਾਣ ਉਪਰੰਤ ਉਸ ਨੂੰ 28-12-2021 ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਆਪਣਾ ਪ੍ਰੋਵੀਡੈਂਟ ਫੰਡ (ਪੀ.ਐੱਫ.) 3,40,116 ਰੁਪਏ ਜਾਰੀ ਕਰਵਾਉਣ ਲਈ ਕਾਰਜਸਾਧਕ ਅਫ਼ਸਰ (ਈ.ਓ.) ਦੇ ਦਫ਼ਤਰ ਵਿਚ ਅਰਜ਼ੀਆਂ ਦਿੱਤੀਆਂ ਅਤੇ ਉਸ ਦੇ ਵਟਸਐਪ ਨੰਬਰ ‘ਤੇ ਸੰਦੇਸ਼ ਵੀ ਭੇਜੇ। ਮੁਲਜ਼ਮ ਜੂਨੀਅਰ ਸਹਾਇਕ ਸ਼ੀਸ਼ਪਾਲ ਨੇ ਪੀ.ਐੱਫ. ਜਾਰੀ ਕਰਵਾਉਣ ਬਦਲੇ 22 ਜੂਨ ਨੂੰ ਉਸ ਤੋਂ ਕਥਿਤ ਰਿਸ਼ਵਤ ਮੰਗੀ ਅਤੇ ਉਸ ਨੇ ਮੁਲਜ਼ਮ ਜੂਨੀਅਰ ਸਹਾਇਕ ਵੱਲੋਂ ਭੇਜੇ ਆਪਣੇ ਨਿੱਜੀ ਬੈਂਕ ਖਾਤੇ ‘ਚ ਕਥਿਤ ਰਿਸ਼ਵਤ ਦੇ 24000 ਰੁਪਏ ਟਰਾਂਸਫਰ ਕਰ ਦਿੱਤੇ। ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਨੇ ਮੁਲਜ਼ਮ ਸ਼ੀਸ਼ਪਾਲ ਖਿਲਾਫ਼ ਥਾਣਾ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ -2023 ਦਰਜ ਕਰਨ ਬਾਅਦ ਅੱਜ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

Leave a comment