#PUNJAB

ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ

ਚੰਡੀਗੜ੍ਹ, 4 ਸਤੰਬਰ (ਪੰਜਾਬ ਮੇਲ)- ਪੰਜਾਬ ਦੇ 9 ਸਾਲ ਖ਼ਜ਼ਾਨਾ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਤਾਜ਼ਾ ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਦੀ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਜਾਂਚ ਅੰਤਿਮ ਪੜਾਅ ‘ਤੇ ਪਹੁੰਚ ਚੁੱਕੀ ਹੈ ਅਤੇ ਕਿਸੇ ਸਮੇਂ ਵੀ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ।
ਮਿਲੀ ਖ਼ਬਰ ਮੁਤਾਬਕ ਵਿਜੀਲੈਂਸ ਹੱਥ ਕੁੱਝ ਅਹਿਮ ਨੁਕਤੇ ਲੱਗੇ ਹਨ, ਜਿਨ੍ਹਾਂ ਨੂੰ ਆਧਾਰ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਦੀ ਜਾਂਚ ‘ਚ ਬਠਿੰਡਾ ਵਿਕਾਸ ਅਥਾਰਿਟੀ ਦੇ ਸੀਨੀਅਰ ਅਧਿਕਾਰੀ ਵੀ ਨਿਸ਼ਾਨੇ ‘ਤੇ ਆ ਗਏ ਹਨ। ਜਾਣਕਾਰੀ ਮੁਤਾਬਕ ਮਨਪ੍ਰੀਤ ਬਾਦਲ ਨੇ ਕਾਂਗਰਸ ਸਰਕਾਰ ਦੌਰਾਨ ਬਠਿੰਡਾ ‘ਚ ਦੋ ਰਿਹਾਇਸ਼ੀ ਪਲਾਟ ਖ਼ਰੀਦੇ ਸਨ। ਬਠਿੰਡਾ ਵਿਕਾਸ ਅਥਾਰਿਟੀ ਤੋਂ ਪਲਾਟ ਖ਼ਰੀਦਣ ਲਈ ਆਨਲਾਈਨ ਬੋਲੀ ਲੱਗੀ ਸੀ। ਬੋਲੀ ਵਿਚ ਦੋ ਵਿਅਕਤੀਆਂ ਰਾਜੀਵ ਤੇ ਵਿਕਾਸ ਤੋਂ ਇਲਾਵਾ ਅਮਨਦੀਪ ਨਾਂ ਦੇ ਤੀਜੇ ਵਿਅਕਤੀ ਨੇ ਵੀ ਸ਼ਮੂਲੀਅਤ ਕੀਤੀ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬੋਲੀਕਾਰਾਂ ਨੇ ਇੱਕੋ ਕੰਪਿਊਟਰ ਤੋਂ ਬੋਲੀ ਦਿੱਤੀ।
ਜਾਣਕਾਰੀ ਮੁਤਾਬਕ ਰਾਜੀਵ ਤੇ ਵਿਕਾਸ ਵੱਲੋਂ ਬੋਲੀ ਵਿਚ ਸ਼ਮੂਲੀਅਤ ਲਈ ਦਿੱਤੇ ਐਡਵਾਂਸ ਰਾਸ਼ੀ ਦੇ ਚਲਾਨ ਵੀ ਇੱਕੋ ਸੀਰੀਅਲ ਨੰਬਰ ਵਾਲੇ ਸਨ ਤੇ ਦੋਵਾਂ ਦੇ ਗਵਾਹ ਵੀ ਇਕੋ ਹੀ ਸਨ। ਮਨਪ੍ਰੀਤ ਬਾਦਲ ਨੇ 30 ਸਤੰਬਰ 2021 ਨੂੰ ਰਾਜੀਵ ਤੇ ਵਿਕਾਸ ਨਾਲ ਦੋਵੇਂ ਪਲਾਟ ਖ਼ਰੀਦਣ ਦਾ ਐਗਰੀਮੈਂਟ ਕਰ ਲਿਆ ਅਤੇ 4 ਅਕਤੂਬਰ ਨੂੰ ਦੋਵਾਂ ਦੇ ਖਾਤਿਆਂ ਵਿਚ ਕਰੀਬ ਇੱਕ ਕਰੋੜ ਦੀ ਰਾਸ਼ੀ ਟਰਾਂਸਫ਼ਰ ਕਰ ਦਿੱਤੀ। 5 ਅਕਤੂਬਰ ਨੂੰ ਰਾਜੀਵ ਤੇ ਵਿਕਾਸ ਨੇ ਬਠਿੰਡਾ ਵਿਕਾਸ ਅਥਾਰਿਟੀ ਕੋਲ ਪਹਿਲੀ ਕਿਸ਼ਤ ਦੀ 25 ਫ਼ੀਸਦੀ ਰਾਸ਼ੀ ਜਮਾਂ ਕਰਾਈ।
ਬਠਿੰਡਾ ਵਿਕਾਸ ਅਥਾਰਿਟੀ ਨੇ 8 ਅਕਤੂਬਰ ਨੂੰ ਰਾਜੀਵ ਤੇ ਵਿਕਾਸ ਨੂੰ ਦੋਵਾਂ ਪਲਾਟਾਂ ਦਾ ਅਥਾਰਟੀ ਲੈਟਰ ਜਾਰੀ ਕੀਤਾ ਸੀ ਪਰ ਮਨਪ੍ਰੀਤ ਬਾਦਲ ਨੇ 30 ਸਤੰਬਰ ਨੂੰ ਐਗਰੀਮੈਂਟ ਵੀ ਕਰ ਲਿਆ ਸੀ। ਇਸੇ ਤਰ੍ਹਾਂ ਆਨਲਾਈਨ ਬੋਲੀ ਵਿਚ ਬੀ.ਡੀ.ਏ. ਦੀ ਮਹਿਲਾ ਅਧਿਕਾਰੀ ਦੇ ਡਿਜੀਟਲ ਦਸਤਖ਼ਤ 26 ਸਤੰਬਰ ਨੂੰ ਐਕਸਪਾਇਰ ਹੋ ਜਾਂਦੇ ਹਨ ਕਿਉਂਕਿ ਇਸ ਅਧਿਕਾਰੀ ਦੀ ਬਦਲੀ ਹੋ ਚੁੱਕੀ ਸੀ। 27 ਸਤੰਬਰ ਨੂੰ ਬੋਲੀ ਫਾਈਨਲ ਹੁੰਦੀ ਹੈ, ਜਦੋਂਕਿ ਨਵੇਂ ਅਧਿਕਾਰੀ ਨੂੰ ਡਿਜੀਟਲ ਦਸਤਖ਼ਤਾਂ ਦਾ ਅਧਿਕਾਰ 28 ਸਤੰਬਰ ਨੂੰ ਮਿਲਦਾ ਹੈ। ਇਸ ਕਰਕੇ 27 ਸਤੰਬਰ ਦੀ ਬੋਲੀ ਕਿਸ ਦੇ ਡਿਜੀਟਲ ਦਸਤਖਤਾਂ ਹੇਠ ਹੋਈ, ਨੂੰ ਲੈ ਕੇ ਵੀ ਸਵਾਲ ਉੱਠਣੇ ਜਾਇਜ਼ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਵਿਭਾਗ ਨੇ ਬਠਿੰਡੇ ਤਲਬ ਕੀਤਾ ਸੀ। ਜਿੱਥੇ ਮਨਪ੍ਰੀਤ ਬਾਦਲ ਨੇ ਮੀਡੀਆ ‘ਚ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਸੀ। ਉਨ੍ਹਾਂ ਕਿਹਾ ਸੀ ਕਿ ਮੈਂ 9 ਸਾਲ ਮੰਤਰੀ ਰਿਹਾ ਹਾਂ ਕਦੇ ਸਰਕਾਰੀ ਗੱਡੀ ਨਹੀਂ ਵਰਤੀ, ਨਾ ਪੈਟਰੋਲ, ਨਾ ਡੀਜ਼ਲ, ਨਾ ਹੋਟਲ ਦਾ ਕਿਰਾਇਆ, ਨਾ ਹਵਾਈ ਜਹਾਜ਼ ਦੀ ਟਿਕਟ, ਨਾ ਰੇਲਵੇ ਦੀ ਟਿਕਟ, ਨਾ ਮੈਡੀਕਲ ਸਹੂਲਤਾਂ ਵਰਤੀਆਂ, ਗੱਲ ਕੀ ਮੈਂ ਚਾਹ ਦੇ ਕੱਪ ਦਾ ਵੀ ਰਵਾਦਾਰ ਨਹੀਂ ਹਾਂ। ਮੇਰੀਆਂ 3 ਮੋਟਰਾਂ ਹਨ, ਉਨ੍ਹਾਂ ਦਾ ਬਿੱਲ ਮੈਂ ਭਰਦਾ ਹਾਂ, ਜਦੋਂਕਿ ਹੋਰਨਾਂ ਕਿਸਾਨਾਂ ਦੀ ਬਿਜਲੀ ਮੁਆਫ਼ ਹੈ ਪਰ ਮੈਂ ਇਹ ਵੀ ਸਹੂਲਤ ਨਹੀਂ ਲਈ ਪਰ ਭਗਵੰਤ ਸਿੰਘ ਮਾਨ ਸਰਕਾਰ ਮੈਨੂੰ ਕਥਿਤ ਤੌਰ ‘ਤੇ ਦੋਸ਼ੀ ਬਣਾ ਕੇ ਆਪਣੇ ਮਨ ਦੀ ਰੀਝ ਪੂਰੀ ਕਰ ਲਵੇ, ਕੋਈ ਕਸਰ ਬਾਕੀ ਨਾ ਰਹਿ ਜਾਵੇ। ਉਹ ਮੈਨੂੰ ਬਰਬਾਦ ਜਾਂ ਬਦਨਾਮ ਕਰਨ ਦੀ ਪੂਰੀ ਵਾਹ ਲਾ ਲਵੇ।

Leave a comment