#PUNJAB

ਵਿਜੀਲੈਂਸ ਵੱਲੋਂ ਬਲਬੀਰ ਸਿੱਧੂ ਕੋਲੋਂ 5 ਘੰਟੇ ਪੁੱਛਗਿੱਛ

-ਤੀਜੀ ਵਾਰ ਵਿਜੀਲੈਂਸ ਜਾਂਚ ਟੀਮ ਅੱਗੇ ਹੋਏ ਪੇਸ਼
ਐੱਸ.ਏ.ਐੱਸ. ਨਗਰ (ਮੁਹਾਲੀ), 28 ਜੂਨ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਤੀਜੀ ਵਾਰ ਮੁਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਵਿਚ ਜਾਂਚ ਟੀਮ ਅੱਗੇ ਪੇਸ਼ ਹੋਏ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਹੋ ਰਹੀ ਇਸ ਜਾਂਚ ਸਬੰਧੀ ਵਿਜੀਲੈਂਸ ਦੀ ਟੀਮ ਨੇ ਭਾਜਪਾ ਆਗੂ ਕੋਲੋਂ ਲਗਪਗ 5 ਘੰਟੇ ਪੁੱਛ-ਪੜਤਾਲ ਕੀਤੀ। ਇਸ ਸਬੰਧੀ ਸਿੱਧੂ ਪਹਿਲਾਂ ਹੀ ਆਪਣੀ ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਇਦਾਦ ਅਤੇ ਕਾਰੋਬਾਰ ਸਬੰਧੀ ਸਾਰਾ ਰਿਕਾਰਡ ਵਿਜੀਲੈਂਸ ਨੂੰ ਸੌਂਪ ਚੁੱਕੇ ਹਨ। ਜਾਣਕਾਰੀ ਅਨੁਸਾਰ ਬਲਬੀਰ ਸਿੱਧੂ ‘ਤੇ ਕਾਂਗਰਸ ਸਰਕਾਰ ਵਿਚ ਕੈਬਨਿਟ ਮੰਤਰੀ ਹੁੰਦਿਆਂ ਮੁਹਾਲੀ, ਰੂਪਨਗਰ, ਬਰਨਾਲਾ ਤੇ ਬਠਿੰਡਾ ਜ਼ਿਲ੍ਹਿਆਂ ਸਣੇ ਚੰਡੀਗੜ੍ਹ ਵਿਚ ਆਮਦਨ ਤੋਂ ਵੱਧ ਬਹੁ-ਕਰੋੜੀ ਜਾਇਦਾਦਾਂ ਬਣਾਉਣ ਦਾ ਦੋਸ਼ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਹੋਏ ਸੱਤਾ ਪਰਿਵਰਤਨ ਮਗਰੋਂ ਬਲਬੀਰ ਸਿੱਧੂ ਅਤੇ ਉਨ੍ਹਾਂ ਦੇ ਛੋਟੇ ਭਰਾ ਜੀਤੀ ਸਿੱਧੂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਜਾਣਕਾਰੀ ਅਨੁਸਾਰ ਮੇਅਰ ਜੀਤੀ ਸਿੱਧੂ ਖ਼ਿਲਾਫ਼ ਵੀ ਵੱਖਰੇ ਤੌਰ ‘ਤੇ ਜਾਂਚ ਚੱਲ ਰਹੀ ਹੈ। ਸਰਕਾਰ ਵੱਲੋਂ ਸਿੱਧੂ ਭਰਾਵਾਂ ਖ਼ਿਲਾਫ਼ ਨਵੰਬਰ 2022 ਵਿਚ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਸਨ।
ਵਿਜੀਲੈਂਸ ਅਨੁਸਾਰ ਸਿੱਧੂ ਭਰਾਵਾਂ ਨੇ ਸਿਆਸੀ ਰਸੂਖ਼ ਦੀ ਦੁਰਵਰਤੋਂ ਕਰਦਿਆਂ ਮੁਹਾਲੀ ਸਮੇਤ ਦੂਜੇ ਜ਼ਿਲ੍ਹਿਆਂ ਵਿਚ ਜਾਇਦਾਦਾਂ ਬਣਾਈਆਂ ਹਨ, ਜਿਸ ਬਾਰੇ ਵਿਜੀਲੈਂਸ ਟੀਮ ਨੇ ਮੁੜ ਬਲਬੀਰ ਸਿੱਧੂ ਤੋਂ ਪੁੱਛ-ਪੜਤਾਲ ਕੀਤੀ ਹੈ। ਇਸ ਤੋਂ ਪਹਿਲਾਂ ਬੀਤੀ 21 ਅਪ੍ਰੈਲ ਨੂੰ ਸਿੱਧੂ ਤੋਂ ਕਰੀਬ 8 ਘੰਟੇ ਅਤੇ 5 ਜੂਨ ਨੂੰ ਲਗਪਗ 5 ਘੰਟੇ ਪੁੱਛ-ਪੜਤਾਲ ਕੀਤੀ ਗਈ ਸੀ।
ਜਾਂਚ ਮਗਰੋਂ ਵਿਜੀਲੈਂਸ ਭਵਨ ਤੋਂ ਬਾਹਰ ਆਉਣ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੱਧੂ ਨੇ ਦੱਸਿਆ ਕਿ ਵਿਜੀਲੈਂਸ ਨੇ ਉਨ੍ਹਾਂ ਦੀਆਂ ਫਰਮਾਂ, ਜ਼ਮੀਨ ਜਾਇਦਾਦ, ਬੈਂਕਾਂ ਦੇ ਲੈਣ-ਦੇਣ ਅਤੇ ਹੋਰ ਸਬੰਧਤ ਦਸਤਾਵੇਜ਼ ਮੰਗੇ ਸਨ ਤੇ ਉਹ ਵਿਜੀਲੈਂਸ ਨੂੰ ਇਹ ਦਸਤਾਵੇਜ਼ ਦੇ ਆਏ ਹਨ। ਸਿੱਧੂ ਨੇ ਕਿਹਾ ਕਿ ਉਸ ਦੀ ਜਾਇਦਾਦ ਤੇ ਕਾਰੋਬਾਰ ਸਬੰਧੀ ਸਾਰਾ ਕੁਝ ਰਿਕਾਰਡ ‘ਤੇ ਹੈ।

Leave a comment