#PUNJAB

ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਗ੍ਰਿਫ਼ਤਾਰ

ਚੰਡੀਗੜ੍ਹ, 17 ਮਈ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਆਪਣੀ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਕੇਸ ਵਿਚ ਉਸ ਦੇ ਦੋ ਸਾਥੀਆਂ ਖ਼ਿਲਾਫ਼ ਵੀ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਧਾਇਕ ਸਮੇਤ ਪਿੰਡ ਦੇ ਧੰਨਾ, ਜ਼ਿਲ੍ਹਾ ਫਰੀਦਕੋਟ ਦੇ ਵਸਨੀਕ ਗੁਰਸੇਵਕ ਸਿੰਘ ਦੇ ਨਾਲ ਪਿੰਡ ਨਾਨਕਸਰ ਸ਼ਹੀਦ, ਫਿਰੋਜ਼ਪੁਰ ਜ਼ਿਲ੍ਹੇ ਦੇ ਰਾਜਵਿੰਦਰ ਸਿੰਘ ਖ਼ਿਲਾਫ਼ ਜਾਂਚ ਤੋਂ ਮਗਰੋਂ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਬਿਊਰੋ ਮੁਤਾਬਕ ਸਾਬਕਾ ਵਿਧਾਇਕ ਦੀ ਸਾਰੀ ਚੱਲ ਅਤੇ ਅਚੱਲ ਜਾਇਦਾਦ ਦਾ ਮੁਲਾਂਕਣ ਕਰਨ ਲਈ ਵਿਜੀਲੈਂਸ ਨੇ 1 ਅਪ੍ਰੈਲ 2017 ਤੋਂ 31 ਮਾਰਚ 2022 ਤੱਕ (ਪੰਜ ਸਾਲ) ਭਾਵ ਕਾਂਗਰਸ ਦੇ ਕਾਰਜਕਾਲ ਨੂੰ ਇਸ ਜਾਂਚ ਦੀ ਮਿਆਦ ਵਜੋਂ ਨਿਰਧਾਰਤ ਕੀਤਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸਾਬਕਾ ਵਿਧਾਇਕ ਨੇ ਆਪਣੀ ਕੁੱਲ ਆਮਦਨ ਤੋਂ ਵੱਧ ਦੌਲਤ ਬਣਾਈ ਹੈ ਅਤੇ ਪਿੰਡ ਮੁਮਾਰਾ, ਤਹਿਸੀਲ ਸਾਦਿਕ, ਜ਼ਿਲ੍ਹਾ ਫਰੀਦਕੋਟ ਵਿਚ ਹੋਰ ਵਿਅਕਤੀਆਂ ਦੇ ਨਾਮ ‘ਤੇ ਜਾਇਦਾਦ ਖਰੀਦੀ ਹੈ। ਇਹ ਤੱਥ ਸਾਹਮਣੇ ਵੀ ਆਏ ਹਨ ਕਿ ਕਿੱਕੀ ਢਿੱਲੋਂ ਨੇ ਆਪਣੀ ਆਮਦਨੀ ਦੇ ਜਾਣੂ ਸਰੋਤਾਂ ਨਾਲੋਂ ਲਗਭਗ 245 ਫੀਸਦੀ ਖਰਚ ਕੀਤਾ ਹੈ। ਇਸ ਸਬੰਧ ਵਿਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਚ ਉਪਰੋਕਤ ਸਾਰੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸਾਬਕਾ ਵਿਧਾਇਕ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਹੁਣ ਤੱਕ ਕਾਂਗਰਸ ਆਗੂਆਂ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਨ ਆਸ਼ੂ, ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ, ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਬ੍ਰਹਮ ਮਹਿੰਦਰਾ, ਓਮ ਪ੍ਰਕਾਸ਼ ਸੋਨੀ, ਵਿਜੈਇੰਦਰ ਸਿੰਗਲਾ, ਬਲਬੀਰ ਸਿੰਘ ਸਿੱਧੂ, ਸਾਬਕਾ ਵਿਧਾਇਕ ਕੁਲਦੀਪ ਵੈਦ, ਮਦਨਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਕੈਪਟਨ ਸੰਦੀਪ ਸੰਧੂ, ਭਰਤਇੰਦਰ ਸਿੰਘ ਚਾਹਲ ਤੇ ਹੋਰਾਂ ਖ਼ਿਲਾਫ਼ ਜਾਂਚ ਚੱਲ ਰਹੀ ਹੈ।

Leave a comment