#PUNJAB

ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਜ ਆਈ.ਏ.ਐੱਸ. ਅਧਿਕਾਰੀ ਸੰਜੇ ਪੋਪਲੀ ਦਾ ਰਿਮਾਂਡ

ਚੰਡੀਗੜ੍ਹ, 19 ਜੁਲਾਈ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਬੀ) ਆਰ/ਡਬਲਯੂ 13 (2) ਤਹਿਤ ਥਾਣਾ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ-1, ਪੰਜਾਬ ਵਿਖੇ ਦਰਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਮੁਲਜ਼ਮ ਆਈ.ਏ.ਐੱਸ. ਅਧਿਕਾਰੀ ਸੰਜੇ ਪੋਪਲੀ ਦਾ ਮੰਗਲਵਾਰ ਨੂੰ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸੰਜੇ ਪੋਪਲੀ ਨੂੰ ਪੁਲਿਸ ਥਾਣਾ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ-1, ਪੰਜਾਬ ਮੁਹਾਲੀ ਵਿਖੇ ਦਰਜ ਐੱਫ.ਆਈ.ਆਰ. ਨੰਬਰ 11 ਮਿਤੀ 06.08.2022 ਵਿਚ ਪ੍ਰੋਡਕਸ਼ਨ ਵਾਰੰਟ ਪ੍ਰਾਪਤ ਕਰਨ ਉਪਰੰਤ ਚੀਫ਼ ਜੁਡੀਸ਼ੀਅਲ ਮੈਜਿਸਟਰੇਟ, ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਉਕਤ ਅਧਿਕਾਰੀ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਦਰਜ ਇਕ ਹੋਰ ਕੇਸ ਵਿਚ ਕੇਂਦਰੀ ਜੇਲ੍ਹ ਪਟਿਆਲਾ ਵਿਚ ਨਿਆਂਇਕ ਰਿਮਾਂਡ ‘ਤੇ ਸੀ ।
ਮੁਕੱਦਮੇ ਦੀ ਤਫਤੀਸ਼ ਦੌਰਾਨ ਅਤੇ ਉਕਤ ਵੱਲੋਂ ਕੀਤੇ ਇਕਬਾਲੀਆ ਬਿਆਨ ਦੇ ਆਧਾਰ ‘ਤੇ ਸੰਜੇ ਪੋਪਲੀ ਦੇ ਘਰੋਂ ਵੱਖ-ਵੱਖ ਕਿਸਮ ਦਾ ਸਾਮਾਨ ਬਰਾਮਦ ਕੀਤਾ ਗਿਆ, ਜਿਸ ਵਿਚ ਸੋਨੇ ਦੀਆਂ 9 ਇੱਟਾਂ (ਪ੍ਰਤੀ ਇੱਟ ਵਜ਼ਨ 1 ਕਿਲੋਗ੍ਰਾਮ), ਵੱਖ-ਵੱਖ ਵਜ਼ਨ ਦੇ 49 ਸੋਨੇ ਦੇ ਬਿਸਕੁਟ (3160 ਗ੍ਰਾਮ), ਵੱਖ-ਵੱਖ ਵਜ਼ਨ ਦੇ 12 ਸੋਨੇ ਦੇ ਸਿੱਕੇ (356 ਗ੍ਰਾਮ), ਚਾਂਦੀ ਦੀਆਂ 3 ਇੱਟਾਂ (ਪ੍ਰਤੀ ਇੱਟ ਵਜ਼ਨ 1 ਕਿਲੋਗ੍ਰਾਮ), 18 ਚਾਂਦੀ ਦੇ ਸਿੱਕੇ (180 ਗ੍ਰਾਮ), 4 ਐਪਲ ਆਈ-ਫੋਨ, ਇੱਕ ਸੈਮਸੰਗ ਫੋਲਡ ਫ਼ੋਨ, ਦੋ ਸੈਮਸੰਗ ਸਮਾਰਟ ਘੜੀਆਂ ਅਤੇ 500-500 ਦੇ 700 ਭਾਰਤੀ ਕਰੰਸੀ ਦੇ ਨੋਟ (ਕੁੱਲ 3,50,000 ਰੁਪਏ) ਸ਼ਾਮਲ ਹਨ।
ਉਕਤ ਮਾਮਲੇ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਰਾਮਦ ਕੀਤੇ ਗਏ ਸੋਨੇ ਅਤੇ ਚਾਂਦੀ ਦੀ ਕੀਮਤ 6.62 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਉਕਤ ਮੁਲਜ਼ਮ ਦੀਆਂ ਜਾਇਦਾਦਾਂ, ਤਨਖ਼ਾਹਾਂ, ਬੈਂਕ ਖਾਤਿਆਂ ਅਤੇ ਹੋਰ ਅਸਾਸਿਆਂ ਦਾ ਰਿਕਾਰਡ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਅਗਲੇਰੀ ਪੜਤਾਲ ਜਾਰੀ ਹੈ ।

Leave a comment