13.1 C
Sacramento
Thursday, June 1, 2023
spot_img

ਵਿਜੀਲੈਂਸ ਵੱਲੋਂ ਆਬਕਾਰੀ ਅਧਿਕਾਰੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ‘ਤੇ ਮਾਮਲਾ ਦਰਜ

ਚੰਡੀਗੜ੍ਹ, 19 ਮਈ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਲਬੀਰ ਕੁਮਾਰ ਬਿਰਦੀ, ਜੁਆਇੰਟ ਡਾਇਰੈਕਟਰ, ਜੀ.ਐੱਸ.ਟੀ. , ਆਬਕਾਰੀ ਵਿਭਾਗ ਪੰਜਾਬ, ਵਾਸੀ ਲੰਮਾ ਪਿੰਡ, ਜਲੰਧਰ ਵੱਲੋਂ ਸਰਕਾਰੀ ਅਧਿਕਾਰੀ ਹੁੰਦਿਆਂ ਭ੍ਰਿਸ਼ਟਾਚਾਰ ਰਾਹੀਂ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਅਧਿਕਾਰੀ ਨੇ 01.04.2007 ਤੋਂ 11.09.2020 ਤੱਕ ਦੇ ਜਾਂਚ ਸਮੇਂ ਦੌਰਾਨ ਕੁੱਲ 5,12,51,688.37 ਰੁਪਏ ਖ਼ਰਚ ਕੀਤੇ ਜਦਕਿ ਸਾਰੇ ਸਰੋਤਾਂ ਤੋਂ ਉਸਦੀ ਅਸਲ ਆਮਦਨ 2,08,84,863.37 ਰੁਪਏ ਬਣਦੀ ਸੀ। ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਅਧਿਕਾਰੀ ਨੇ ਇਸ ਸਮੇਂ ਦੌਰਾਨ ਆਪਣੀ ਅਸਲ ਆਮਦਨ ਤੋਂ 3,03,66,825 ਰੁਪਏ ਵੱਧ ਖ਼ਰਚ ਕੀਤੇ ਜੋ ਕਿ ਉਸਦੀ ਕੁੱਲ ਆਮਦਨ ਤੋਂ ਲਗਭਗ 145.40 ਫੀਸਦੀ ਵੱਧ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਪੰਜਾਬ ਆਬਕਾਰੀ ਵਿਭਾਗ ਦੇ ਉਕਤ ਅਧਿਕਾਰੀ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੀ ਅਸਲ ਆਮਦਨ ਨਾਲੋਂ ਵੱਧ ਚੱਲ ਅਤੇ ਅਚੱਲ ਜਾਇਦਾਦ ਬਣਾਈ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13(1) (ਬੀ) ਅਤੇ 13(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਬਿਊਰੋ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਉਕਤ ਬਲਬੀਰ ਕੁਮਾਰ ਬਿਰਦੀ ਅਤੇ ਆਬਕਾਰੀ ਵਿਭਾਗ ਦੇ ਹੋਰ ਅਧਿਕਾਰੀਆਂ/ਕਰਮਚਾਰੀਆਂ ਨੇ ਕੁਝ ਟਰਾਂਸਪੋਰਟਰਾਂ ਅਤੇ ਉਦਯੋਗਪਤੀਆਂ ਦੀ ਮਿਲੀਭੁਗਤ ਨਾਲ ਜੀ. ਐੱਸ. ਟੀ. ਉਗਰਾਹੀ ਵਿੱਚ ਘਪਲਾ ਕੀਤਾ ਸੀ। ਇਸ ਸਬੰਧੀ 21.08.2020 ਨੂੰ ਧਾਰਾ 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਧਾਰਾਵਾਂ 7, 7-ਏ  ਤਹਿਤ ਵਿਜੀਲੈਂਸ ਬਿਊਰੋ ਪੁਲਸ ਥਾਣਾ, ਫਲਾਇੰਗ ਸਕੁਐਡ-1, ਐਸ.ਏ.ਐਸ. ਨਗਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਉਕਤ ਮੁਲਜ਼ਮ ਬਲਬੀਰ ਕੁਮਾਰ ਬਿਰਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਬਿਊਰੋ ਕੋਲ ਉਕਤ ਕੇਸ ਸਬੰਧੀ ਜਾਂਚ ਵਿੱਚ ਸ਼ਾਮਲ ਹੋਇਆ ਸੀ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Related Articles

Stay Connected

0FansLike
3,790FollowersFollow
20,800SubscribersSubscribe
- Advertisement -spot_img

Latest Articles