#Featured

ਵਿਜੀਲੈਂਸ ਵੱਲੋਂ ‘ਅਜੀਤ’ ਦੇ ਪ੍ਰਬੰਧਕੀ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਤਲਬ

ਚੰਡੀਗੜ੍ਹ, 27 ਮਈ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਅਜੀਤ ਅਖ਼ਬਾਰ ਸਮੂਹ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਪੁੱਛ-ਪੜਤਾਲ ਲਈ ਤਲਬ ਕਰ ਲਿਆ ਹੈ। ਵਿਜੀਲੈਂਸ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਡਾ. ਹਮਦਰਦ ਨੂੰ ਜਲੰਧਰ ਜ਼ਿਲ੍ਹੇ ‘ਚ ਸਥਿਤ ‘ਜੰਗ-ਏ-ਆਜ਼ਾਦੀ ਯਾਦਗਾਰ’ ਪ੍ਰਾਜੈਕਟ ਦੀ ਚੱਲ ਰਹੀ ਵਿਜੀਲੈਂਸ ਜਾਂਚ ‘ਚ ਸ਼ਮੂਲੀਅਤ ਕਰਨ ਅਤੇ ਤੱਥਾਂ ਦੀ ਜਾਂਚ ਲਈ ਸੱਦਿਆ ਗਿਆ ਹੈ। ਡਾ. ਹਮਦਰਦ ਨੂੰ ਵਿਜੀਲੈਂਸ ਬਿਊਰੋ ਦੇ ਜਲੰਧਰ ਸਥਿਤ ਸੀਨੀਅਰ ਸੁਪਰਡੈਂਟ ਦੇ ਦਫ਼ਤਰ ਵਿਚ ਤਫ਼ਤੀਸ਼ੀ ਅਫ਼ਸਰ ਕੋਲ 29 ਮਈ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਕੁਝ ਮਹੀਨੇ ਪਹਿਲਾਂ ਕਰਤਾਰਪੁਰ ‘ਚ ਸਥਿਤ ਇਸ ਪ੍ਰਾਜੈਕਟ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ ਇਸੇ ਸਾਲ 14 ਮਾਰਚ ਨੂੰ ਵਿਜੀਲੈਂਸ ਟੀਮ ਨੇ ‘ਜੰਗ-ਏ-ਆਜ਼ਾਦੀ ਯਾਦਗਾਰ’ ਦੀ ਅਚਨਚੇਤ ਚੈਕਿੰਗ ਕੀਤੀ ਸੀ। ਵਿਜੀਲੈਂਸ ਦੀ ਪੜਤਾਲ ਸ਼ੁਰੂ ਹੋਣ ਤੋਂ ਬਾਅਦ ਡਾ. ਬਰਜਿੰਦਰ ਸਿੰਘ ਹਮਦਰਦ ਨੇ ਜੰਗ-ਏ-ਆਜ਼ਾਦੀ ਮੈਮੋਰੀਅਲ ਫਾਊਂਡੇਸ਼ਨ ਦੇ ਮੈਂਬਰ ਸਕੱਤਰ ਅਤੇ ਇਸ ਦੀ ਕਾਰਜਕਾਰੀ ਕਮੇਟੀ ਦੇ ਚੇਅਰਪਰਸਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਪਣੇ ਅਸਤੀਫ਼ੇ ਵਿਚ ਉਨ੍ਹਾਂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ‘ਤੇ ਪੁਲਿਸ ਅਤੇ ਵਿਜੀਲੈਂਸ ਟੀਮਾਂ ਭੇਜ ਕੇ ਯਾਦਗਾਰ ਦਾ ਨਾਂ ਖਰਾਬ ਕਰਨ ਦਾ ਦੋਸ਼ ਲਗਾਇਆ ਸੀ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ‘ਜੰਗ-ਏ-ਆਜ਼ਾਦੀ ਯਾਦਗਾਰ’ ਪ੍ਰਾਜੈਕਟ ਦੇ ਹੋਂਦ ‘ਚ ਆਉਣ ਸਮੇਂ ਵਿੱਤੀ ਅਤੇ ਹੋਰ ਤਰ੍ਹਾਂ ਦੀਆਂ ਬੇਨਿਯਮੀਆਂ ਹੋਈਆਂ ਹਨ। ਡਾ. ਹਮਦਰਦ ਦੀ ਪ੍ਰਾਜੈਕਟ ਦੀ ਉਸਾਰੀ ਸਮੇਂ ਅਹਿਮ ਭੂਮਿਕਾ ਰਹੀ ਹੈ, ਇਸ ਲਈ ਕੁੱਝ ਤੱਥਾਂ ਦੀ ਤਸਦੀਕ ਲਈ ਅਜੀਤ ਅਖ਼ਬਾਰ ਸਮੂਹ ਦੇ ਪ੍ਰਬੰਧਕੀ ਸੰਪਾਦਕ ਨੂੰ ਸੱਦਿਆ ਜਾਣਾ ਜ਼ਰੂਰੀ ਸੀ। ਸੂਤਰਾਂ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਇਸ ਪ੍ਰਾਜੈਕਟ ਨਾਲ ਜੁੜੇ ਕਈ ਸੀਨੀਅਰ ਲੋਕਾਂ ਨੂੰ ਤਲਬ ਕੀਤਾ ਗਿਆ ਹੈ ਪਰ ਅਧਿਕਾਰੀਆਂ ਨੇ ਇਸ ਘਟਨਾਕ੍ਰਮ ਬਾਰੇ ਪੂਰੀ ਤਰ੍ਹਾਂ ਚੁੱਪੀ ਵੱਟੀ ਹੋਈ ਹੈ।

ਡਾ. ਹਮਦਰਦ ਨੂੰ ਬਦਲਾਖੋਰੀ ਤਹਿਤ ਤਲਬ ਕੀਤਾ: ਅਕਾਲੀ ਦਲ
ਚੰਡੀਗੜ੍ਹ :  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜੀਤ ਅਖਬਾਰ ਸਮੂਹ ਦੇ ਮੈਨੇਜਿੰਗ ਡਾਇਰੈਕਟਰ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਤਲਬ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਡਾ. ਹਮਦਰਦ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ਵਿਚ ਮੀਡੀਆ ਦੀ ਆਵਾਜ਼ ਦੀ ਰਾਖੀ ਲਈ ਹਰ ਸਹਿਯੋਗ ਕਰੇਗਾ। ਸ਼੍ਰੀ ਬਾਦਲ ਨੇ ਕਿਹਾ ਕਿ ਅਜੀਤ ਅਖ਼ਬਾਰ ਸਮੂਹ ਅਤੇ ਡਾ. ਹਮਦਰਦ ਨੂੰ ਡਰਾਉਣ ਦੀ ਇਸ ਕਾਰਵਾਈ ਨਾਲ ਸਾਰੀ ਦੁਨੀਆਂ ਵਿਚ ਪੰਜਾਬੀ ਹੈਰਾਨ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਅਦਾਰੇ ਦੇ ਇਸ਼ਤਿਹਾਰ ਬੰਦ ਕਰ ਦਿੱਤੇ ਸਨ, ਫਿਰ ਇਸ ਨੇ ਅਦਾਰੇ ਵਿਚ ਕੰਮ ਕਰਨ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਹੁਣ ਸੂਬਾ ਸਰਕਾਰ ਇਸ ਦੇ ਮੈਨੇਜਿੰਗ ਡਾਇਰੈਕਟਰ ਨੂੰ ਡਰਾਉਣ ‘ਤੇ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬਦਲਾਖੋਰੀ ਦੀ ਸਿਆਸਤ ਦਾ ਸਿਖ਼ਰ ਹੈ ਤੇ ਇਹ ਲੋਕਤੰਤਰ ਵਿਚ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਜਦੋਂ ਤੋਂ ਸੂਬੇ ਵਿਚ ਸੱਤਾ ਸੰਭਾਲੀ ਹੈ, ਇਹ ਮੀਡੀਆ ਦੀ ਆਜ਼ਾਦ ਆਵਾਜ਼ ਨੂੰ ਕੁਚਲਣ ‘ਤੇ ਲੱਗੀ ਹੈ। ਸਰਕਾਰ ਨੇ ਪੱਤਰਕਾਰਾਂ ‘ਤੇ ਕੇਸ ਦਰਜ ਕੀਤੇ ਤੇ ਕਈ ਵੈੱਬ ਚੈਨਲ ਬੰਦ ਕੀਤੇ ਅਤੇ ਕਈ ਉਨ੍ਹਾਂ ਅਖਬਾਰਾਂ ਦੇ ਇਸ਼ਤਿਹਾਰ ਬੰਦ ਕਰ ਦਿੱਤੇ, ਜੋ ਇਸ ਦੇ ਪ੍ਰਾਪੇਗੰਡੇ ਮੁਤਾਬਕ ਨਹੀਂ ਚੱਲੀਆਂ।
ਡਾ. ਹਮਦਰਦ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ ‘ਆਪ’ ਸਰਕਾਰ: ਦਿੱਲੀ ਕਮੇਟੀ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਅਜੀਤ ਅਖਬਾਰ ਸਮੂਹ ਦੇ ਐੱਮ.ਡੀ. ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ। ਸ਼੍ਰੀ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਡਾ. ਹਮਦਰਦ ਇਕ ਸਨਮਾਨਿਤ ਸ਼ਖ਼ਸੀਅਤ ਹਨ ਤੇ ਵਿਜੀਲੈਂਸ ਬਿਊਰੋ ਨੂੰ ਸ਼੍ਰੀ ਹਮਦਰਦ ਖ਼ਿਲਾਫ਼ ਵਰਤਣਾ ਨਿੰਦਣਯੋਗ ਕਾਰਵਾਈ ਹੈ, ਜਦਕਿ ਉਨ੍ਹਾਂ ਨੇ ਲਗਨ ਨਾਲ ਜੰਗ-ਏ-ਆਜ਼ਾਦੀ ਮੈਮੋਰੀਅਲ ਤਿਆਰ ਕਰਵਾਇਆ ਹੈ ਪਰ ਮੰਦਭਾਗੀ ਗੱਲ ਹੈ ਕਿ ‘ਆਪ’ ਸਰਕਾਰ ਉਨ੍ਹਾਂ ਨਾਲ ਕਿੜ ਕੱਢਣ ਲਈ ਝੂਠੇ ਕੇਸ ‘ਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ‘ਤੇ ਇਸ ਲਈ ਦਬਾਅ ਬਣਾਉਣ ਦਾ ਯਤਨ ਕਰ ਰਹੀ ਹੈ, ਤਾਂ ਕਿ ਸਰਕਾਰ ਦੇ ਹੱਕ ਵਿਚ ਖਬਰਾਂ ਲਾਉਣ ਲਈ ਦਬਾਅ ਬਣਾਇਆ ਜਾ ਸਕੇ।

Leave a comment