24.3 C
Sacramento
Tuesday, September 26, 2023
spot_img

ਵਿਜੀਲੈਂਸ ਬਿਊਰੋ ਵੱਲੋਂ ਸਾਲ 2019 ਦੇ ਕਤਲ ਕੇਸ ’ਚ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਡੀ.ਐਸ.ਪੀ. ਗ੍ਰਿਫਤਾਰ

ਚੰਡੀਗੜ੍ਹ, 20 ਜੁਲਾਈ (ਪੰਜਾਬ ਮੇਲ)- ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਸਾਲ 2019 ਵਿੱਚ  ਸੇਵਾਦਾਰ ਸੰਤ ਦਿਆਲ ਦਾਸ ਦੇ ਕਤਲ ਕੇਸ ਵਿੱਚੋਂ ਕਲੀਨ ਚਿੱਟ ਹਾਸਲ ਕਰ ਚੁੱਕੇ ਵਿਅਕਤੀ ਨੂੰ ਮੁੜ ਨਾਮਜ਼ਦ ਕਰਨ ਬਦਲੇ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀ.ਐਸ.ਪੀ.) ਸੁਸ਼ੀਲ ਕੁਮਾਰ ਨੂੰ  ਗ੍ਰਿਫਤਾਰ ਕੀਤਾ।  ਜ਼ਿਕਰਯੋਗ ਹੈ ਕਿ 7 ਨਵੰਬਰ, 2019 ਨੂੰ ਕੋਟਕਪੂਰਾ ਦੇ ਪਿੰਡ ਕੋਟਸੁਖੀਆ ਸਥਿਤ ਡੇਰਾ ਬਾਬਾ ਹਰਕਾ ਦਾਸ ਵਿਖੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਸੰਤ ਦਿਆਲ ਦਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਸ ਤੋਂ ਬਾਅਦ ਸੰਤ ਬਾਬਾ ਹਰੀਦਾਸ ਜੀ ਦੇ ਚੇਲੇ ਸੰਤ ਗਗਨ ਦਾਸ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਵਿਅਕਤੀਆਂ ਅਤੇ ਸੰਤ ਜਰਨੈਲ ਦਾਸ ਕਪੂਰੇ ਵਾਲਿਆਂ ਖਿਲਾਫ ਥਾਣਾ ਸਦਰ ਕੋਟਕਪੂਰਾ ਵਿਖੇ ਕਤਲ ਕੇਸ ਦਰਜ ਕੀਤਾ ਗਿਆ ਸੀ। ਇਸ ਉਪਰੰਤ ਡੀ.ਐਸ.ਪੀ. ਹੈੱਡਕੁਆਰਟਰ ਮੋਗਾ ਰਵਿੰਦਰ ਸਿੰਘ ਵੱਲੋਂ ਕੇਸ ਵਿੱਚ ਨਾਮਜ਼ਦ ਸੰਤ ਜਰਨੈਲ ਦਾਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ  ਬੁਲਾਰੇ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਆਈ.ਜੀ.ਪੀ. ਫਰੀਦਕੋਟ ਰੇਂਜ ਪਰਦੀਪ ਕੁਮਾਰ ਯਾਦਵ ਨੇ ਐਸ.ਪੀ. (ਡੀ) ਫਰੀਦਕੋਟ ਗਗਨੇਸ਼ ਕੁਮਾਰ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ । ਇਸ ਐਸ.ਆਈ.ਟੀ. ਵਿੱਚ ਡੀ.ਐਸ.ਪੀ. ਫਰੀਦਕੋਟ ਸੁਸ਼ੀਲ ਕੁਮਾਰ ਸਮੇਤ ਡੀ.ਐਸ.ਪੀ ਬਾਘਾਪੁਰਾਣਾ ਜਸਜੋਤ ਸਿੰਘ ਅਤੇ ਐਸ.ਆਈ ਖੇਮ ਚੰਦ ਟੀਮ ਮੈਂਬਰਾਂ ਵਜੋਂ ਸ਼ਾਮਲ ਸਨ।
ਬੁਲਾਰੇ ਨੇ ਦੱਸਿਆ ਕਿ 8 ਨਵੰਬਰ, 2022 ਨੂੰ ਐਸ.ਪੀ. ਗਗਨੇਸ਼ ਕੁਮਾਰ ਅਤੇ ਡੀਐਸਪੀ ਸੁਸ਼ੀਲ ਕੁਮਾਰ ਨੇ ਸੰਤ ਜਰਨੈਲ ਦਾਸ ਕਪੂਰੇ ਵਾਲਿਆਂ ਨੂੰ ਮੁੜ ਨਾਮਜ਼ਦ ਕਰਨ ਅਤੇ ਗ੍ਰਿਫ਼ਤਾਰ ਕਰਨ ਅਤੇ ਇਸ ਮਾਮਲੇ ਵਿੱਚ ਸੰਤ ਗਗਨ ਦਾਸ ਦੀ ਮਦਦ ਕਰਨ ਲਈ ਉਸ ( ਗਗਨ ਦਾਸ ) ਤੋਂ 50 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ।  ਇਹ ਸੌਦਾ 35 ਲੱਖ ਰੁਪਏ ਵਿੱਚ ਤੈਅ ਹੋਇਆ ਅਤੇ ਉਕਤ ਅਧਿਕਾਰੀ ਪਹਿਲਾਂ ਹੀ ਦੋ ਕਿਸ਼ਤਾਂ ਵਿੱਚ 20 ਲੱਖ ਰੁਪਏ ਲੈ ਚੁੱਕੇ ਸਨ ਜਿਨ੍ਹਾਂ ਵਿੱਚ 9 ਨਵੰਬਰ, 2022 ਅਤੇ 22 ਨਵੰਬਰ, 2022 ਨੂੰ ਕ੍ਰਮਵਾਰ 15 ਲੱਖ ਅਤੇ 5 ਲੱਖ ਰੁਪਏ ਰਿਸ਼ਵਤ ਦੇ ਤੌਰ ਉੱਤੇ ਲਏ ਗਏ।
ਬੁਲਾਰੇ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਦੀਆਂ ਪੁਲਿਸ ਟੀਮਾਂ ਨੇ ਡੀਐਸਪੀ ਸੁਸ਼ੀਲ ਕੁਮਾਰ, ਜੋ ਇਸ ਸਮੇਂ 3 ਆਈ.ਆਰ.ਬੀ, ਲੁਧਿਆਣਾ ਵਿਖੇ ਤਾਇਨਾਤ ਹੈ, ਨੂੰ ਗ੍ਰਿਫਤਾਰ ਕੀਤਾ । ਦੋਸ਼ੀ ਡੀ.ਐਸ.ਪੀ. ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Related Articles

Stay Connected

0FansLike
3,873FollowersFollow
21,200SubscribersSubscribe
- Advertisement -spot_img

Latest Articles