ਚੰਡੀਗੜ੍ਹ, 26 ਸਤੰਬਰ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਬਠਿੰਡਾ ਵਿਚ ਜਾਇਦਾਦ ਦੀ ਖ਼ਰੀਦ ਵਿਚ ਕਥਿਤ ਬੇਨਿਯਮੀਆਂ ਸਬੰਧੀ ਰਾਜ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਮਨਪ੍ਰੀਤ ਸਿੰਘ ਬਾਦਲ ਗ੍ਰਿਫ਼ਤਾਰੀ ਤੋਂ ਬਚਣ ਲਈ ਦੇਸ਼ ਛੱਡ ਕੇ ਭੱਜ ਸਕਦੇ ਹਨ, ਇਸ ਲਈ ਸਾਰੇ ਹਵਾਈ ਅੱਡਿਆਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਸਾਬਕਾ ਮੰਤਰੀ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਬਠਿੰਡਾ ਵਿਜੀਲੈਂਸ ਬਿਊਰੋ ਦੇ ਐੱਸਐੱਸਪੀ ਹਰਪਾਲ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਬਾਦਲ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਛਾਪੇਮਾਰੀ ਕਰ ਰਹੀਆਂ ਸਨ। ਮਨਪ੍ਰੀਤ ਤੋਂ ਇਲਾਵਾ ਬਠਿੰਡਾ ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਬਿਕਰਮਜੀਤ ਸ਼ੇਰਗਿੱਲ, ਰਾਜੀਵ ਕੁਮਾਰ, ਅਮਨਦੀਪ ਸਿੰਘ, ਵਿਕਾਸ ਅਰੋੜਾ ਅਤੇ ਪੰਕਜ ਖ਼ਿਲਾਫ਼ ਐਤਵਾਰ ਰਾਤ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਵਿੱਚ ਰਾਜੀਵ ਕੁਮਾਰ ਅਤੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਮਨਪ੍ਰੀਤ ਨੇ ਆਪਣੀ ਅਗਾਊਂ ਜ਼ਮਾਨਤ ਲਈ ਬਠਿੰਡਾ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਮ ਕੁਮਾਰ ਸਿੰਗਲਾ ਦੀ ਅਦਾਲਤ ਵਿੱਚ ਦਾਇਰ ਕੀਤੀ ਅਰਜ਼ੀ ਨੂੰ ਵਾਪਸ ਲੈ ਲਿਆ ਹੈ। ਮਨਪ੍ਰੀਤ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਕਿਹਾ, ‘ਅਸੀਂ ਅਰਜ਼ੀ ਵਾਪਸ ਲੈ ਲਈ ਹੈ ਕਿਉਂਕਿ ਜਦੋਂ ਇਹ ਦਾਇਰ ਕੀਤੀ ਗਈ ਸੀ ਤਾਂ ਜਾਂਚ ਚੱਲ ਰਹੀ ਸੀ ਪਰ ਹੁਣ ਐੱਫਆਈਆਰ ਦਰਜ ਕੀਤੀ ਗਈ ਹੈ। ਅਸੀਂ ਨਵੇਂ ਤੱਥਾਂ ਨਾਲ ਨਵੀਂ ਅਰਜ਼ੀ ਦਾਇਰ ਕਰਾਂਗੇ।’ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਅੱਜ ਕਰਨੀ ਹੈ।
ਵਿਜੀਲੈਂਸ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕੀਤਾ
