#PUNJAB

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ

ਮੋਗਾ, 23 ਅਪ੍ਰੈਲ (ਪੰਜਾਬ ਮੇਲ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਨੇ ਐਤਵਾਰ ਸਵੇਰੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਹਿਰਾਸਤ ਵਿੱਚ ਲਿਆ ਹੈ। ਚਰਚਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਖੁਦ ਹੀ ਰੋਡੇ ਪਿੰਡ ਦੇ ਇੱਕ ਗੁਰਦੁਆਰੇ ਵਿੱਚ ਆਤਮ ਸਮਰਪਣ ਕੀਤਾ ਹੈ।  ਪੰਜਾਬ ਪੁਲਿਸ ਨੇ ਟਵੀਟ ਕਰਕੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਮੋਗਾ ਤੋਂ ਗ੍ਰਿਫਤਾਰ ਕੀਤਾ ਗਿਆ। ਨਾਗਰਿਕਾਂ ਨੂੰ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ, ਕੋਈ ਵੀ ਜਾਅਲੀ ਖ਼ਬਰਾਂ ਸਾਂਝੀਆਂ ਨਾ ਕਰੋ, ਹਮੇਸ਼ਾਂ ਤਸਦੀਕ ਕਰੋ ਤੇ ਸਾਂਝਾ ਕਰੋ। ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਅਪੀਲ ਕੀਤੀ ਹੈ। ਅੰਮ੍ਰਿਤਪਾਲ ਖ਼ਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਬਠਿੰਡਾ ਹਵਾਈ ਅੱਡੇ ਤੋਂ ਫਲਾਈਟ ਰਾਹੀਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਲਿਜਾਇਆ ਜਾਵੇਗਾ। 

ਗ੍ਰਿਫਤਾਰੀ ਤੋਂ ਪਹਿਲਾਂ ਪਿੰਡ ਰੋਡੇ ਵਿੱਚ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ, “ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਸਥਾਨ ਹੈ। ਉਸੇ ਥਾਂ ‘ਤੇ ਅਸੀਂ ਆਪਣਾ ਕੰਮ ਵਧਾ ਰਹੇ ਹਾਂ ਤੇ ਇੱਕ ਅਹਿਮ ਮੋੜ ‘ਤੇ ਖੜ੍ਹੇ ਹਾਂ। ਇੱਕ ਮਹੀਨੇ ਤੋਂ ਜੋ ਕੁਝ ਹੋ ਰਿਹਾ ਹੈ, ਉਹ ਸਭ ਨੇ ਦੇਖਿਆ ਹੈ। ਜੇਕਰ ਇਹ ਸਿਰਫ ਗ੍ਰਿਫਤਾਰੀ ਦੀ ਗੱਲ ਹੁੰਦੀ ਤਾਂ ਗ੍ਰਿਫਤਾਰੀ ਦੇ ਕਈ ਤਰੀਕੇ ਸਨ। ਅਸੀਂ ਸਹਿਯੋਗ ਕਰਦੇ। ਉਨ੍ਹਾਂ ਅੱਗੇ ਕਿਹਾ ਕਿ ਦੁਨੀਆਂ ਦੀ ਕਚਹਿਰੀ ਵਿੱਚ ਅਸੀਂ ਦੋਸ਼ੀ ਪਾਏ ਜਾ ਸਕਦੇ ਹਾਂ। ਸੱਚੇ ਗੁਰੂ ਦੇ ਦਰਬਾਰ ਵਿੱਚ ਨਹੀਂ। ਮਹੀਨੇ ਬਾਅਦ ਫੈਸਲਾ ਕੀਤਾ, ਇਸ ਧਰਤੀ ‘ਤੇ ਲੜੇ ਹਾਂ ਤੇ ਲੜਾਂਗੇ। ਜਿਹੜੇ ਝੂਠੇ ਕੇਸ ਹਨ, ਉਨ੍ਹਾਂ ਦਾ ਸਾਹਮਣਾ ਕੀਤਾ ਜਾਵੇਗਾ। ਗ੍ਰਿਫਤਾਰੀ ਅੰਤ ਨਹੀਂ, ਸਗੋਂ ਸ਼ੁਰੂਆਤ ਹੈ।

ਅੰਮ੍ਰਿਤਪਾਲ ਸਿੰਘ 18 ਮਾਰਚ ਯਾਨੀ ਪਿਛਲੇ 36 ਦਿਨਾਂ ਤੋਂ ਫਰਾਰ ਚੱਲ ਰਿਹਾ ਸੀ, ਜਦੋਂ ਕਿ ਉਸ ਦੇ ਅਤੇ ਉਸ ਦੇ ਸਹਿਯੋਗੀਆਂ ਖ਼ਿਲਾਫ਼ ਪੁਲਸ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਅੰਮ੍ਰਿਤਪਾਲ ਨੇ ਆਪਣੇ ਇਕ ਸਮਰਥਕ ਦੀ ਰਿਹਾਈ ਲਈ 23 ਫਰਵਰੀ ਨੂੰ ਪੰਜਾਬ ਦੇ ਅਜਨਾਲਾ ਥਾਣੇ ‘ਤੇ ਹਮਲਾ ਕੀਤਾ ਸੀ। ਇਸ ਘਟਨਾ ਦੇ ਬਾਅਦ ਤੋਂ ਪੁਲਸ ਉਸ ਦੀ ਭਾਲ ਕਰ ਰਹੀ ਹੈ। 20 ਅਪ੍ਰੈਲ ਨੂੰ ਅੰਮ੍ਰਿਤਪਾਲ ਦੀ ਐੱਨ.ਆਰ.ਆਈ. ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੋਕ ਲਿਆ ਸੀ। ਉਹ ਲੰਡਨ ਜਾ ਰਹੀ ਸੀ। ਕਿਰਨਦੀਪ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 3 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਕਿਰਨਦੀਪ ਨੂੰ ਰਿਹਾਅ ਕਰ ਦਿੱਤਾ ਗਿਆ।
ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਮਗਰੋਂ ਪੰਜਾਬ ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਹੈ। ਦਰਅਸਲ ਅੰਮ੍ਰਿਤਪਾਲ ਦੇ ਸਾਰੇ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ। ਉਸ ਦੇ ਸਾਥੀਆਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਸੀ। 

Leave a comment