ਹੋ ਸਕਦੀ ਹੈ ਦਸ ਸਾਲ ਜੇਲ੍ਹ ਦੀ ਹੋ ਸਜ਼ਾ
ਵਾਸ਼ਿੰਗਟਨ, 26 ਮਈ (ਪੰਜਾਬ ਮੇਲ)- ਵਾਈਟ ਹਾਊਸ ਨੇੜੇ ਸੁਰੱਖਿਆ ਬੈਰੀਅਰ ‘ਤੇ ਟਰੱਕ ਨਾਲ ਟੱਕਰ ਮਾਰਨ ਵਾਲੇ ਅਤੇ ਅਡੋਲਫ ਹਿਟਲਰ ਦੀ ਸ਼ਲਾਘਾ ਕਰਨ ਵਾਲਾ ਭਾਰਤੀ ਮੂਲ ਦਾ ਨੌਜਵਾਨ 30 ਮਈ ਤੱਕ ਹਿਰਾਸਤ ‘ਚ ਰਹੇਗਾ। ਸੰਘੀ ਅਦਾਲਤ ‘ਚ ਬੁੱਧਵਾਰ ਨੂੰ ਕੇਸ ਦੀ ਸੁਣਵਾਈ ਦੌਰਾਨ ਅਮਰੀਕੀ ਮੈਜਿਸਟਰੇਟ ਜੱਜ ਰੌਬਿਨ ਮੇਰੀਵੈਦਰ ਨੇ ਹੁਕਮ ਦਿੱਤਾ ਕਿ 19 ਸਾਲਾ ਸ਼ੱਕੀ ਸਾਈ ਵਰਸ਼ਿਤ ਕੰਦੁਲਾ ਨੂੰ ਮੰਗਲਵਾਰ ਨੂੰ ਕੇਸ ਦੀ ਸੁਣਵਾਈ ਤੱਕ ਹਿਰਾਸਤ ‘ਚ ਰੱਖਿਆ ਜਾਵੇ। ਕੰਦੁਲਾ ਨੇ ਸੋਮਵਾਰ ਨੂੰ ਵਾਈਟ ਹਾਊਸ ਨੇੜੇ ਲੱਗੇ ਬੈਰੀਅਰ ‘ਚ ਟਰੱਕ ਮਾਰ ਦਿੱਤਾ ਸੀ। ਘਟਨਾ ‘ਚ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ ਸੀ ਅਤੇ ਕਿਰਾਏ ‘ਤੇ ਲਏ ਵਾਹਨ ਅੰਦਰੋਂ ਕੁਝ ਵੀ ਧਮਾਕਾਖੇਜ਼ ਸਮੱਗਰੀ ਬਰਾਮਦ ਨਹੀਂ ਹੋਈ ਸੀ। ਉਹ ਹਮਲੇ ਲਈ ਛੇ ਮਹੀਨਿਆਂ ਤੋਂ ਯੋਜਨਾ ਬਣਾ ਰਿਹਾ ਸੀ ਤਾਂ ਜੋ ਵਾਈਟ ਹਾਊਸ ‘ਤੇ ਕਬਜ਼ਾ ਕਰਕੇ ਸੱਤਾ ਹਾਸਲ ਕਰ ਸਕੇ। ਵਾਰਦਾਤ ਮੌਕੇ ਕੰਦੁਲਾ ਨੇ ਦਾਅਵਾ ਕੀਤਾ ਸੀ ਕਿ ਉਹ ਰਾਸ਼ਟਰਪਤੀ ਜੋਅ ਬਾਇਡਨ ਨੂੰ ਅਗਵਾ ਕਰਕੇ ਸੱਤਾ ਆਪਣੇ ਕਬਜ਼ੇ ‘ਚ ਕਰਨਾ ਚਾਹੁੰਦਾ ਹੈ। ਨੌਜਵਾਨ ਨੂੰ ਜਦੋਂ ਅਦਾਲਤ ‘ਚ ਪੇਸ਼ ਕੀਤਾ ਗਿਆ ਤਾਂ ਉਸ ਨੇ ਨਾਰੰਗੀ ਰੰਗ ਦਾ ਜੰਪਸੂਟ ਪਹਿਨਿਆ ਹੋਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਹ ਜੱਜ ਅੱਗੇ ਬੜੀ ਨਰਮੀ ਨਾਲ ਬੋਲ ਰਿਹਾ ਸੀ। ਜੱਜ ਮੈਰੀਵੈਦਰ ਨੇ ਕੰਦੁਲਾ ਨੂੰ ਦੱਸਿਆ ਕਿ ਜਿਹੜਾ ਦੋਸ਼ ਉਸ ‘ਤੇ ਲੱਗਾ ਹੈ, ਉਸ ਲਈ ਵਧ ਤੋਂ ਵਧ 10 ਸਾਲ ਜੇਲ੍ਹ ਦੀ ਸਜ਼ਾ, ਢਾਈ ਲੱਖ ਡਾਲਰ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਸੁਰੱਖਿਆ ਕਰਮੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਟਰੱਕ ਅੰਦਰੋਂ ਨਾਜ਼ੀ ਝੰਡਾ ਬਰਾਮਦ ਹੋਇਆ ਹੈ ਪਰ ਉਸ ਅੰਦਰ ਕੋਈ ਹਥਿਆਰ ਜਾਂ ਧਮਾਕਾਖ਼ੇਜ਼ ਸਮੱਗਰੀ ਨਹੀਂ ਮਿਲੀ ਹੈ।