ਮਾਨਸਾਸ ਪਾਰਕ (ਵਰਜੀਨੀਆ), 28 ਅਗਸਤ (ਪੰਜਾਬ ਮੇਲ)- ਨੇਪਾਲੀ ਮੂਲ ਦੇ 37 ਸਾਲਾ ਨਰੇਸ਼ ਭੱਟ ਨੂੰ ਆਪਣੀ ਪਤਨੀ 28 ਸਾਲਾ ਮਮਤਾ ਕਾਫਲੇ ਭੱਟ ਦੀ ਹੱਤਿਆ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਅਨੁਸਾਰ ਉਸ ਦੀ ਗ੍ਰਿਫਤਾਰੀ ਗੈਰ ਜ਼ਮਾਨਤੀ ਹੋਵੇਗੀ। ਪਿਛਲੇ ਕਈ ਦਿਨਾਂ ਤੋਂ ਇਹ ਕਤਲ ਇਕ ਭੇਦ ਬਣਿਆ ਹੋਇਆ ਸੀ। ਨਰੇਸ਼ ਭੱਟ ਨੇ ਕਤਲ ਤੋਂ ਕਈ ਦਿਨਾਂ ਬਾਅਦ ਖੁਦ ਹੀ ਪੁਲਿਸ ਕੋਲ ਰਿਪੋਰਟ ਲਿਖਾਈ ਸੀ ਕਿ ਉਸ ਦੀ ਪਤਨੀ ਲਾਪਤਾ ਹੈ। ਪੁਲਿਸ ਵੱਲੋਂ ਬਾਰੀਕੀ ਨਾਲ ਤਫਤੀਸ਼ ਕੀਤੀ ਗਈ। ਇਸ ਦੌਰਾਨ ਨਰੇਸ਼ ਭੱਟ ਦੇ ਘਰ ਦੀ ਵੀ ਤਲਾਸ਼ੀ ਲਈ ਗਈ, ਜਿੱਥੋਂ ਪੁਲਿਸ ਨੂੰ ਕੁੱਝ ਮਹੱਤਵਪੂਰਨ ਡਿਜ਼ੀਟਲ ਅਤੇ ਫੋਰੈਂਸਿਕ ਸਬੂਤ ਮਿਲੇ, ਜੋ ਇਹ ਦਰਸਾਉਂਦੇ ਸਨ ਕਿ ਮਮਤਾ ਦੀ ਹੱਤਿਆ ਉਸ ਦੇ ਆਪਣੇ ਘਰ ਵਿਚ ਹੀ ਹੋਈ ਹੈ ਅਤੇ ਉਸ ਦੇ ਪਤੀ ਨਰੇਸ਼ ਭੱਟ ਨੇ ਇਸ ਕਤਲ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਉਨ੍ਹਾਂ ਦੇ ਘਰ ਵਿਚ ਬੈੱਡਰੂਮ ਅਤੇ ਬਾਥਰੂਮ ਵਿਚ ਲਾਸ਼ ਨੂੰ ਘਸੀਟਣ ਅਤੇ ਖੂਨ ਦੇ ਧੱਬੇ ਹੋਣ ਦੇ ਸਬੂਤ ਹਾਸਲ ਕੀਤੇ ਹਨ। ਜਾਂਚਕਰਤਾਵਾਂ ਨੇ ਇਹ ਵੀ ਪਾਇਆ ਕਿ ਭੱਟ ਨੇ 30 ਜੁਲਾਈ ਨੂੰ ਵਾਲਮਾਰਟ ਸਟੋਰ ਤੋਂ ਚਾਕੂ ਖਰੀਦੇ ਸਨ, ਜਿਸ ਨਾਲ ਉਸ ਨੇ ਆਪਣੀ ਪਤਨੀ ਦੀ ਹੱਤਿਆ ਕੀਤੀ।