#EUROPE

ਲੰਡਨ ਦੀ ਅਦਾਲਤ ਵੱਲੋਂ ਭਾਰਤੀ ਬੱਚਿਆਂ ਨਾਲ ਆਨਲਾਈਨ ਜਿਨਸੀ ਸ਼ੋਸ਼ਣ ਦੇ ਦੋਸ਼ੀ ਅਧਿਆਪਕ ਨੂੰ 12 ਸਾਲ ਕੈਦ

ਲੰਡਨ, 10 ਅਗਸਤ (ਪੰਜਾਬ ਮੇਲ)- ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਸਾਊਥਵਾਰਕ ਕ੍ਰਾਊਨ ਕੋਰਟ ਨੇ ਬੁੱਧਵਾਰ ਨੂੰ ਭਾਰਤੀ ਬੱਚਿਆਂ ਨਾਲ ਆਨਲਾਈਨ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਲੰਡਨ ਪ੍ਰਾਇਮਰੀ ਸਕੂਲ ਦੇ ਸਾਬਕਾ ਉਪ ਪ੍ਰਧਾਨ ਅਧਿਆਪਕ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ। ਉਹ ਪੈਸਿਆਂ ਬਦਲੇ ਭਾਰਤੀ ਮੁੰਡਿਆਂ ਤੋਂ ਛੋਟੇ ਬੱਚਿਆਂ ਦੀਆਂ ਜਿਨਸੀ ਤਸਵੀਰਾਂ ਮੰਗਵਾਉਂਦਾ ਸੀ। ਪੁਲਿਸ ਨੇ ਉਸ ਦੇ ਮੋਬਾਈਲ, ਲੈਪਟਾਪ ਤੇ ਐੱਸ.ਡੀ. ਕਾਰਡ ‘ਚੋਂ ਕਰੀਬ 1.20 ਲੱਖ ਅਸ਼ਲੀਲ ਤਸਵੀਰਾਂ ਬਰਾਮਦ ਕੀਤੀਆਂ ਹਨ।
ਦੱਖਣੀ ਲੰਡਨ ਦੇ ਪੂਰਬੀ ਡੁਲਵਿਚ ਵਾਸੀ ਮੈਥਿਊ ਸਮਿਥ ਨੂੰ ਬੀਤੇ ਸਾਲ ਨਵੰਬਰ ‘ਚ ਡਾਰਕ ਵੈੱਬ ‘ਤੇ ਅਸ਼ਲੀਲ ਸਮੱਗਰੀ ਸਾਂਝੀ ਕਰਨ ਦੇ ਦੋਸ਼ ‘ਚ ਬਰਤਾਨੀਆ ਦੀ ਰਾਸ਼ਟਰੀ ਅਪਰਾਧ ਏਜੰਸੀ (ਐੱਨ.ਸੀ.ਏ.) ਨੇ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਵੇਲੇ ਸਮਿਥ ਆਨਲਾਈਨ ਸੀ। ਉਹ ਭਾਰਤ ‘ਚ ਰਹਿਣ ਵਾਲੇ ਮੁੰਡਿਆਂ ਨੂੰ ਪੈਸੇ ਬਦਲੇ ਛੋਟੇ ਬੱਚਿਆਂ ਦੀਆਂ ਜਿਨਸੀ ਤਸਵੀਰਾਂ ਭੇਜਣ ਨੂੰ ਕਹਿ ਰਿਹਾ ਸੀ। ਐੱਨ.ਸੀ.ਏ. ਨੇ ਦੱਸਿਆ ਕਿ ਉਸ ਨੇ 2007-14 ਦਰਮਿਆਨ ਭਾਰਤ ਦੇ ਅਨਾਥ ਆਸ਼ਰਮਾਂ ਤੇ ਗ਼ੈਰ-ਸਰਕਾਰੀ ਸੰਗਠਨਾਂ ‘ਚ ਕੰਮ ਕੀਤਾ ਸੀ। ਇਸ ਦੌਰਾਨ ਉਸ ਨੇ ਕਾਫ਼ੀ ਸਮਾਂ ਭਾਰਤ ‘ਚ ਬਿਤਾਇਆ ਹੈ। ਉਹ ਜੁਲਾਈ, 2022 ‘ਚ ਬਰਤਾਨੀਆ ਪਰਤ ਆਇਆ ਤੇ ਸਕੂਲ ‘ਚ ਪੜ੍ਹਾਉਣ ਲੱਗਾ। ਐੱਨ.ਸੀ.ਏ. ਨੂੰ ਉਸ ਦੇ ਭਾਰਤ ‘ਚ ਕੰਮ ਕਰਨ ਦੌਰਾਨ ਬੱਚਿਆਂ ਖ਼ਿਲਾਫ਼ ਸੰਭਾਵਿਤ ਅਪਰਾਧ ਦੇ ਸਬੂਤ ਵੀ ਮਿਲੇ ਹਨ। ਐੱਨ.ਸੀ.ਏ. ਨੇ ਭਾਰਤੀ ਅਧਿਕਾਰੀਆਂ ਤੋਂ ਪੀੜਤਾਂ ਦੀ ਜਾਣਕਾਰੀ ਹਾਸਲ ਕੀਤੀ ਹੈ।

Leave a comment