#EUROPE

ਲੰਡਨ ਦਾ ਇਤਿਹਾਸਕ ‘ਇੰਡੀਆ ਕਲੱਬ’ ਬੰਦ ਹੋਇਆ

ਲੰਡਨ, 18 ਸਤੰਬਰ (ਪੰਜਾਬ ਮੇਲ)- ਲੰਡਨ ਸਥਿਤ ਇੰਡੀਆ ਕਲੱਬ, ਜਿਸ ਦੀਆਂ ਜੜ੍ਹਾਂ ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ ਲੱਗੀਆਂ ਸਨ, ਸਥਾਈ ਤੌਰ ‘ਤੇ ਬੰਦ ਹੋ ਗਿਆ। ਇਹ ਕਲੱਬ ਕਈ ਸਾਲਾਂ ਤੱਕ ਬਰਤਾਨੀਆ ‘ਚ ਰਾਸ਼ਟਰਵਾਦੀਆਂ ਦਾ ਕੇਂਦਰ ਬਣਿਆ ਰਿਹਾ ਤੇ ਵਤਨੋਂ ਦੂਰ ਬੈਠੇ ਭਾਰਤੀ ਇੱਥੇ ਆਪਣੇ ਘਰ ਵਾਂਗ ਵਿਚਰਦੇ ਰਹੇ। ਇਸ ਦੀਆਂ ਕੰਧਾਂ ਉਤੇ ਕਈ ਉੱਘੀਆਂ ਹਸਤੀਆਂ ਦੀਆਂ ਤਸਵੀਰਾਂ ਹਨ, ਜਿਨ੍ਹਾਂ ਵਿਚ ਭਾਰਤ ਦੇ ਕਈ ਸਾਬਕਾ ਪ੍ਰਧਾਨ ਮੰਤਰੀ ਤੇ ਕਲੱਬ ਦੇ ਬਾਨੀ ਮੈਂਬਰ ਕ੍ਰਿਸ਼ਨਾ ਮੈਨਨ ਸ਼ਾਮਲ ਹਨ। ਮੈਨਨ ਬਾਅਦ ਵਿਚ ਬਰਤਾਨੀਆ ‘ਚ ਆਜ਼ਾਦ ਭਾਰਤ ਦੇ ਪਹਿਲੇ ਹਾਈ ਕਮਿਸ਼ਨਰ ਵੀ ਬਣੇ। ਇਸ ਕਲੱਬ ਵਿਚ ਇਕ ਭਾਰਤੀ ਰੈਸਟੋਰੈਂਟ ਵੀ ਚੱਲਦਾ ਰਿਹਾ, ਜੋ ਕਿ ਬਰਤਾਨੀਆ ਦੇ ਪਹਿਲੇ ਅਜਿਹੇ ਰੈਸਟੋਰੈਂਟਾਂ ਵਿਚ ਸ਼ੁਮਾਰ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ ਇਹ ਕਲੱਬ ਬਰਤਾਨਵੀ ਦੱਖਣੀ ਏਸ਼ਿਆਈ ਭਾਈਚਾਰੇ ਦਾ ਕੇਂਦਰ ਬਣ ਗਿਆ। ਕਲੱਬ ਦੀ ਮੈਨੇਜਰ ਫਿਰੋਜ਼ਾ ਮਾਰਕਰ ਨੇ ਕਿਹਾ ਕਿ ‘ਅਸੀਂ ਇਸ ਨੂੰ ਬੰਦ ਕਰ ਰਹੇ ਹਾਂ ਪਰ ਨੇੜੇ ਹੀ ਕਿਤੇ ਕਲੱਬ ਲਈ ਨਵੀਂ ਜਗ੍ਹਾ ਵੀ ਲੱਭ ਰਹੇ ਹਾਂ।’ ਜ਼ਿਕਰਯੋਗ ਹੈ ਕਿ ਪਾਰਸੀ ਮੂਲ ਦਾ ਪਰਿਵਾਰ ਇਸ ਕਲੱਬ ਨੂੰ 1997 ਤੋਂ ਚਲਾ ਰਿਹਾ ਹੈ।

Leave a comment