22.5 C
Sacramento
Saturday, September 23, 2023
spot_img

ਲੋਕ ਸਭਾ ਸੀਟਾਂ ਦੀ ਵੰਡ ਨੇ ਅਕਾਲੀ ਦਲ-ਭਾਜਪਾ ਗਠਜੋੜ ਦੀ ਤਾਣੀ ਉਲਝਾਈ

ਚੰਡੀਗੜ੍ਹ, 8 ਜੁਲਾਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਭਾਵੇਂ ਮੁੜ ਗੱਠਜੋੜ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਦੋਵਾਂ ਪਾਰਟੀਆਂ ਦਰਮਿਆਨ ਇਸ ਬਾਰੇ ਗੱਲਬਾਤ ਜਾਰੀ ਹੈ ਤੇ ਤਾਣੀ ਲੋਕ ਸਭਾ ਸੀਟਾਂ ਦੀ ਵੰਡ ਕਾਰਨ ਉਲਝ ਗਈ ਹੈ। ਸੁਬੇ ਵਿਚ ਮੌਜੂਦਾ ਹਾਲਾਤ ਕਾਰਨ ਹੁਣ ਭਾਜਪਾ ਵਲੋਂ ਵਧ ਸੀਟਾਂ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਮੁੜ ਅਕਾਲੀ ਦਲ-ਭਾਜਪਾ ਗੱਠਜੋੜ ਕਰਨ ਬਾਰੇ ਅੰਤਿਮ ਫੈਸਲਾ ਨਹੀਂ ਹੋਇਆ।
ਸੂਤਰਾਂ ਮੁਤਾਬਕ ਇਹ ਦੋਵੇਂ ਪਾਰਟੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਗੱਠਜੋੜ ਕਰਨ ਲਈ ਸਹਿਮਤ ਹਨ ਪਰ ਹੁਣ ਭਾਜਪਾ ਪਹਿਲਾਂ ਹੋਏ ਸਮਝੌਤੇ ਅਨੁਸਾਰ ਸੀਟਾਂ ਲੈਣ ਲਈ ਸਹਿਮਤ ਨਹੀਂ ਹੈ। ਭਾਜਪਾ ਵਲੋਂ ਹੁਣ ਲੋਕ ਸਭਾ ਚੋਣਾਂ ਲਈ ਪੰਜਾਹ ਫੀਸਦੀ ਸੀਟਾਂ ਮੰਗੀਆਂ ਜਾ ਰਹੀਆਂ ਹਨ, ਜਦਕਿ ਪਹਿਲਾਂ 13 ਵਿਚੋਂ 10 ਸੀਟਾਂ ‘ਤੇ ਅਕਾਲੀ ਦਲ ਉਮੀਦਵਾਰ ਖੜ੍ਹੇ ਕਰਦਾ ਸੀ ਤੇ ਤਿੰਨ ਸੀਟਾਂ ‘ਤੇ ਭਾਜਪਾ ਚੋਣ ਲੜਦੀ ਸੀ। ਪਤਾ ਲੱਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਲਈ ਭਾਜਪਾ ਨੂੰ ਤਿੰਨ ਦੀ ਥਾਂ ਪੰਜ ਸੀਟਾਂ ਦੇਣ ਲਈ ਸਹਿਮਤ ਹੈ ਪਰ ਵਿਧਾਨ ਸਭਾ ਚੋਣਾਂ ਲਈ ਫੇਰਬਦਲ ਕਰਨ ਲਈ ਤਿਆਰ ਨਹੀਂ ਹੈ। ਪੰਜਾਬ ਵਿਧਾਨ ਸਭਾ ਚੋਣਾਂ ‘ਚ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਲੋਂ 94 ਤੇ ਭਾਜਪਾ ਵਲੋਂ 23 ਸੀਟਾਂ ‘ਤੇ ਆਪੋ ਆਪਣੇ ਉਮੀਦਵਾਰਾਂ ‘ਤੇ ਸਹਿਮਤੀ ਬਣਦੀ ਆ ਰਹੀ ਸੀ। ਇਸ ਤੋਂ ਇਲਾਵਾ ਗੱਲਬਾਤ ਦੇ ਦੌਰ ਵਿਚ ਇਕ ਹੋਰ ਵੱਡੀ ਰੁਕਾਵਟ ਹੈ ਕਿ ਭਾਜਪਾ ਵਲੋਂ ਇਸ ਵਾਰ ਸ਼ਹਿਰੀ ਸੀਟਾਂ ‘ਤੇ ਹੱਕ ਜਤਾਇਆ ਜਾ ਰਿਹਾ ਹੈ ਪਰ ਅਕਾਲੀ ਦਲ ਨੇ ਇਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਨਾਲ ਵੀ ਗੱਠਜੋੜ ਕੀਤਾ ਹੋਇਆ ਹੈ, ਜੋ ਜਲੰਧਰ ਲੋਕ ਸਭਾ ਸੀਟ ‘ਤੇ ਆਪਣਾ ਦਾਅਵਾ ਜਤਾ ਸਕਦੀ ਹੈ। ਅਕਾਲੀ ਦਲ ਦੇ ਸੂਤਰਾਂ ਨੇ ਦੱਸਿਆ ਕਿ ਅਕਾਲੀ ਦਲ ਪਟਿਆਲਾ ਲੋਕ ਸਭਾ ਸੀਟ ਵੀ ਭਾਜਪਾ ਲਈ ਛੱਡ ਸਕਦਾ ਹੈ, ਤਾਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਇਸ ਸੀਟ ‘ਤੇ ਚੋਣ ਲੜ ਸਕਣ। ਇਨ੍ਹਾਂ ਦੋਵਾਂ ਪਾਰਟੀਆਂ ਵਲੋਂ ਜਲੰਧਰ ਲੋਕ ਸਭਾ ਸੀਟ ਲਈ ਪਿਛਲੀ ਵਾਰ ਪਈਆਂ ਵੋਟਾਂ ਦੇ ਅੰਕੜਿਆਂ ਦੀ ਵੀ ਘੋਖ ਕੀਤੀ ਜਾ ਰਹੀ ਹੈ। ਪਿਛਲੀ ਵਾਰ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ ਸੁੱਖੀ ਵਲੋਂ 1,58,445 ਵੋਟਾਂ ਹਾਸਲ ਕੀਤੀਆਂ ਗਈਆਂ ਸਨ, ਜਦਕਿ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ 1,34,800 ਵੋਟਾਂ ਹਾਸਲ ਕੀਤੀਆਂ ਸਨ, ਜਦਕਿ ‘ਆਪ’ ਦੇ ਉਮੀਦਵਾਰ ਨੇ 3,02,279 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਸੀ। ਜੇ ਅਕਾਲੀ ਦਲ ਤੇ ਭਾਜਪਾ ਉਮੀਦਵਾਰਾਂ ਦੀਆਂ ਵੋਟਾਂ ਜੋੜ ਲਈਆਂ ਜਾਣ, ਤਾਂ ਇਹ ਅੰਕੜਾ ਜੇਤੂ ਉਮੀਦਵਾਰ ਵਲੋਂ ਹਾਸਲ ਕੀਤੀਆਂ ਵੋਟਾਂ ਦੇ ਨੇੜੇ ਢੁਕਦਾ ਹੈ। ਇਕ ਹੋਰ ਆਗੂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਇਸ ਕਰ ਕੇ ਗੱਠਜੋੜ ਕਰਨਾ ਚਾਹੁੰਦਾ ਹੈ ਕਿਉਂਕਿ ਭਾਜਪਾ ਦਾ ਹਿੰਦੂਆਂ ਵਿਚ ਖਾਸਾ ਆਧਾਰ ਹੈ ਤੇ ਦੋਵੇਂ ਪਾਰਟੀਆਂ ਦਾ ਮੁੱਖ ਟੀਚਾ ਸੂਬੇ ਦੀ ਸੱਤਾਧਾਰੀ ਪਾਰਟੀ ਨੂੰ ਹਰਾਉਣਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲ ਮੁੜ ਗੱਠਜੋੜ ਕਰਨ ਦੀਆਂ ਖਬਰਾਂ ਸਿਰਫ ਮੀਡੀਆ ਨੇ ਹੀ ਘੜੀਆਂ ਹਨ। ਇਸ ਤੋਂ ਇਲਾਵਾ ਭਾਜਪਾ ਦੇ ਸੂਬਾ ਚੋਣ ਇੰਚਾਰਜ ਵਿਜੈ ਰੂਪਾਨੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੰਭਾਵੀ ਗਠਜੋੜ ਦੀਆਂ ਖਬਰਾਂ ਤੋਂ ਇਨਕਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਕਾਰਨ ਦੋਵਾਂ ਪਾਰਟੀਆਂ ਵਿਚ ਭਾਵੇਂ ਗੱਠਜੋੜ ਟੁੱਟ ਗਿਆ ਸੀ ਪਰ ਅਕਾਲੀਆਂ ਵਲੋਂ ਭਾਜਪਾ ਦੇ ਕੌਮੀ ਆਗੂਆਂ ਖ਼ਿਲਾਫ਼ ਕੀਤੀਆਂ ਟਿੱਪਣੀਆਂ ਕਾਰਨ ਰੋਸ ਹੈ।

Related Articles

Stay Connected

0FansLike
3,869FollowersFollow
21,200SubscribersSubscribe
- Advertisement -spot_img

Latest Articles