ਨਵੀਂ ਦਿੱਲੀ, 25 ਮਾਰਚ (ਪੰਜਾਬ ਮੇਲ)- ਸੂਰਤ ਦੀ ਅਦਾਲਤ ਵਲੋਂ ਮਾਣਹਾਨੀ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਅਤੇ ਲੋਕ ਸਭਾ ਦੀ ਮੈਂਬਰਸ਼ਿਪ ਗੁਆਉਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਥੇ ਅੱਜ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ,‘ਸੰਸਦ ’ਚ ਮੇਰੇ ਅਗਲੇ ਭਾਸ਼ਨ ਤੋਂ ਡਰ ਕੇ ਮੈਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਮੈਂ ਪਹਿਲਾਂ ਵੀ ਕਈ ਵਾਰ ਆਖਿਆ ਹੈ ਕਿ ਦੇਸ਼ ਵਿਚ ਲੋਕਤੰਤਰ ’ਤੇ ਹਮਲਾ ਹੋ ਰਿਹਾ ਹੈ। ਅਸੀਂ ਹਰ ਰੋਜ਼ ਇਸ ਦੀਆਂ ਮਿਸਾਲਾਂ ਦੇਖ ਰਹੇ ਹਾਂ। ਮੈਂ ਸੰਸਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਡਾਨੀ ਦੇ ਸਬੰਧਾਂ ਬਾਰੇ ਸਵਾਲ ਕੀਤੇ। ਮੈਂ ਭਾਰਤ ਦੇ ਲੋਕਤੰਤਰ ਦੇ ਹੱਕ ਵਿਚ ਲੜ ਰਿਹਾ ਹਾਂ ਅਤੇ ਲੜਦਾ ਰਹਾਂਗਾ। ਮੈਂ ਕਿਸੇ ਤੋਂ ਡਰਦਾ ਨਹੀਂ।’ ਉਨ੍ਹਾਂ ਕਿਹਾ,‘ਮੈਨੂੰ ਸੰਸਦ ’ਚ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਮੈਂ ਸਿਰਫ਼ ਇਹੀ ਜਾਣਨਾ ਚਾਹੁੰਦਾ ਹਾਂ ਕਿ ਮੋਦੀ ਤੇ ਅਡਾਨੀ ਵਿਚਾਲੇ ਕੀ ਰਿਸ਼ਤਾ ਹੈ। ਮੈਂ ਕਿਸੇ ਜਾਤ ਧਰਮ ਦਾ ਅਪਮਾਨ ਨਹੀਂ ਕੀਤਾ। ਇਹ ਸਭ ਦੇਸ਼ ਦੀ ਜਨਤਾ ਦਾ ਧਿਆਨ ਭਟਕਾਉਣ ਲਈ ਕੀਤਾ ਗਿਆ ਹੈ।’