#PUNJAB

ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ 6 ਸਤੰਬਰ ਤੋਂ ਹਵਾਈ ਜਹਾਜ਼ ਸੇਵਾ ਮੁੜ ਹੋਵੇਗੀ ਸ਼ੁਰੂ

ਲੁਧਿਆਣਾ, 2 ਸਤੰਬਰ (ਪੰਜਾਬ ਮੇਲ)- ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਦੇ ਸਨਅਤਕਾਰਾਂ ਨੂੰ ਰਾਹਤ ਮਿਲਣ ਜਾ ਰਹੀ ਹੈ, ਕਿਉਂਕਿ 6 ਸਤੰਬਰ ਨੂੰ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ ਹਵਾਈ ਜਹਾਜ਼ ਸੇਵਾ ਮੁੜ ਸ਼ੁਰੂ ਹੋਣ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 6 ਸਤੰਬਰ ਨੂੰ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ 19 ਸੀਟਾਂ ਵਾਲਾ ਜਹਾਜ਼ ਸਵਾਰੀਆਂ ਨੂੰ ਲੈ ਕੇ ਪਹਿਲੀ ਉਡਾਣ ਭਰੇਗਾ, ਜਿਸ ਦੀ ਸਮਾਂ ਸਾਰਣੀ ਵੀ ਜਾਰੀ ਕਰ ਦਿੱਤੀ ਗਈ ਹੈ। ਲੁਧਿਆਣਾ ਤੋਂ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਵਾਲੇ ਯਾਤਰੀ ਦਿੱਲੀ ਹਵਾਈ ਅੱਡੇ ਦੀ ਬਜਾਏ ਦਿੱਲੀ ਦੇ ਨੇੜੇ ਗਾਜ਼ੀਆਬਾਦ ਵਿਚ ਬਣੇ ਹਿੰਡਨ ਹਵਾਈ ਅੱਡੇ ‘ਤੇ ਪੁੱਜੇਗੀ। ਲੁਧਿਆਣਾ ਤੋਂ ਗਾਜ਼ੀਆਬਾਦ ਹਵਾਈ ਅੱਡੇ ‘ਤੇ ਹਵਾਈ ਜਹਾਜ਼ ਸੇਵਾ ਸ਼ੁਰੂ ਕਰਨ ਲਈ ਗੁੜਗਾਓਂ ਦੀ ਹਵਾਈ ਕੰਪਨੀ ਫਲਾਇੰਗ ਦਾ ਡੀ.ਸੀ.ਐੱਚ.6-400 ਜਹਾਜ਼ ਦੇਹਰਾਦੂਨ ਤੋਂ ਹਿੰਡਨ ਅਤੇ ਲੁਧਿਆਣਾ ਲਈ ਉਡਾਣ ਭਰੇਗਾ।
ਹਵਾਈ ਸੇਵਾ ਸ਼ੁਰੂ ਕਰਨ ਦੀ ਪੁਸ਼ਟੀ ਸਾਹਨੇਵਾਲ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਵੀ ਕੀਤੀ ਗਈ ਹੈ। ਹਵਾਈ ਜਹਾਜ਼ ਸੇਵਾ ਸ਼ੁਰੂ ਹੋਣ ਕਰ ਕੇ ਸਾਹਨੇਵਾਲ ਹਵਾਈ ਅੱਡੇ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਵਾਈ ਜਹਾਜ਼ ਦੇਹਰਾਦੂਨ ਤੋਂ ਸਵੇਰੇ 8 ਵਜੇ ਉਡਾਣ ਭਰੇਗਾ, ਸਵੇਰੇ 9.05 ਵਜੇ ਗਾਜ਼ੀਆਬਾਦ ਪੁੱਜੇਗਾ ਅਤੇ ਸਵੇਰੇ 9.25 ‘ਤੇ ਲੁਧਿਆਣਾ ਲਈ ਉਡਾਣ ਭਰੇਗਾ ਤੇ ਸਵੇਰੇ 10.50 ਵਜੇ ਲੁਧਿਆਣਾ ਹਵਾਈ ਅੱਡੇ ‘ਤੇ ਪੁੱਜੇਗਾ। ਲੁਧਿਆਣਾ ਤੋਂ 20 ਮਿੰਟ ਬਾਅਦ ਸਵੇਰੇ 11.10 ‘ਤੇ ਜਹਾਜ਼ ਲੁਧਿਆਣਾ ਤੋਂ ਗਾਜ਼ੀਆਬਾਦ ਲਈ ਉਡਾਣ ਭਰੇਗਾ ਅਤੇ ਇਹ ਜਹਾਜ਼ 12.35 ਮਿੰਟ ਵਜੇ ਗਾਜ਼ੀਆਬਾਦ ਪੁੱਜੇਗਾ। ਉਥੋਂ 12.55 ਮਿੰਟ ‘ਤੇ ਦੇਹਰਾਦੂਨ ਦੇ ਲਈ ਉਡਾਣ ਭਰੇਗਾ ਅਤੇ ਦੁਪਿਹਰ 1.50 ਵਜੇ ਦੇਹਰਾਦੂਨ ਪੁੱਜੇਗਾ। ਜ਼ਿਕਰਯੋਗ ਹੈ ਕਿ ਲੁਧਿਆਣਾ ਹਵਾਈ ਅੱਡੇ ਤੋਂ ਪਹਿਲਾਂ ਅਗਸਤ ਮਹੀਨੇ ਵਿਚ ਹਵਾਈ ਜਹਾਜ਼ ਸੇਵਾ ਸ਼ੁਰੂ ਹੋਣੀ ਸੀ। ਪਰ ਹੁਣ ਇਹ ਹਵਾਈ ਜਹਾਜ਼ ਸੇਵਾ 6 ਸਤੰਬਰ ਨੂੰ ਸ਼ੁਰੂ ਹੋਣ ਦੀ ਉਮੀਦ ਹੈ।

Leave a comment